ਰੋਜ਼ਾਨਾ ਸਪੋਕਸਮੈਨ ਦੇ 13ਵੇਂ ਸਾਲ ਵਿਚ ਦਾਖ਼ਲੇ ਨੂੰ ਸਮਰਪਤ ਇਕ ਸ਼ਾਮ ਵਿਚ ਮੁੱਖ ਮੰਤਰੀ ਤੇ ਉਨ੍ਹਾਂ ਦੇ 6 ਮੰਤਰੀ ਸ਼ਾਮਲ ਹੋਏ ਆਈਏਐਸ, ਪੁਲਿਸ ਅਫ਼ਸਰ ਤੇ ਪਤਵੰਤੇ ਵੀ ਪੁੱਜੇ

ਖ਼ਬਰਾਂ, ਪੰਜਾਬ

ਚੰਡੀਗੜ੍ਹ, 21 ਦਸੰਬਰ (ਸਸਸ): ਰੋਜ਼ਾਨਾ ਸਪੋਕਸਮੈਨ ਪੰਜਾਬੀ ਪੱਤਰਕਾਰੀ ਦੇ ਪਿੜ ਵਿਚ 'ਸਚੁ ਸੁਣਾਇਸੀ ਸਚ ਕੀ ਬੇਲਾ' ਦੇ ਹੋਕੇ ਨਾਲ ਮੱਲਾਂ ਮਾਰਦਾ ਹੋਇਆ 13ਵੇਂ ਸਾਲ ਵਿਚ ਦਾਖ਼ਲ ਹੋ ਚੁਕਿਆ ਹੈ। ਨਿਡਰ, ਨਿਰਪੱਖ ਅਤੇ ਨਿਗਰ ਪੱਤਰਕਾਰੀ ਦੇ ਮੁਜੱਸਮੇ ਵਜੋਂ ਜਾਣੇ ਜਾਂਦੇ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੇ ਇਸ ਹਰਮਨ ਪਿਆਰੇ ਅਖ਼ਬਾਰ ਦੀ ਇਸ 13ਵੀਂ ਪੁਲਾਂਘ ਦੀ ਖ਼ੁਸ਼ੀ ਸਾਂਝੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ 'ਤੇ ਸੁਰਮਈ ਸ਼ਾਮ ਵਿਚ ਸ਼ਰੀਕ ਹੋਏ।

 ਇਸ ਮੌਕੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਮੁੱਖ ਮੰਤਰੀ ਦੇ ਕਹਿਣ 'ਤੇ, ਸਾਰਿਆਂ ਵਲੋਂ ਸਪੋਕਸਮੈਨ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਬੜੀ ਵਲਵਲੇ ਭਰਪੂਰ ਤਕਰੀਰ ਕੀਤੀ ਅਤੇ ਕਿਹਾ ਕਿ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਜਿਹੜਾ ਇਨਕਲਾਬ ਰੋਜ਼ਾਨਾ ਸਪੋਕਸਮੈਨ ਦੇ ਹਿੱਸੇ ਵਿਚ ਆਇਆ ਹੈ, ਉਹ ਹੋਰ ਕਿਸੇ ਅਖ਼ਬਾਰ ਨੂੰ ਨਸੀਬ ਨਹੀਂ ਤੇ ਜਿਨ੍ਹਾਂ ਔਕੜਾਂ ਤੇ ਦੁਸ਼ਵਾਰੀਆਂ ਨੂੰ ਝਾਗ ਕੇ ਇਸ ਨੇ ਇਤਿਹਾਸ ਸਿਰਜਿਆ, ਉਸ ਉਤੇ ਹਰ ਪੰਜਾਬੀ, ਫ਼ਖ਼ਰ ਮਹਿਸੂਸ ਕਰ ਸਕਦਾ ਹੈ। ਸੂਫ਼ੀ ਕਲਾਮ ਨੂੰ ਇਸ ਮੌਕੇ ਰੱਜ ਕੇ ਮਾਣਿਆ ਗਿਆ ਤੇ 'ਉੱਚਾ ਦਰ ਬਾਬੇ ਨਾਨਕ ਦਾ' ਬਾਰੇ ਛੋਟੀ ਫ਼ਿਲਮ ਵੀ ਵਿਖਾਈ ਗਈ ਜੋ ਮੁੱਖ ਮੰਤਰੀ ਨੂੰ ਏਨੀ ਪਸੰਦ ਆਈ ਕਿ ਉਨ੍ਹਾਂ ਨੇ ਦੁਬਾਰਾ ਵੇਖਣ ਦੀ ਇੱਛਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਆਪ ਵੀ ਮੌਕੇ 'ਤੇ ਇਸ ਨੂੰ ਵੇਖਣ ਲਈ ਜਾਣਗੇ।

ਉਨ੍ਹਾਂ ਸਮੇਤ ਸਾਰੇ ਹੀ ਪਤਵੰਤਿਆਂ ਨੇ ਰੋਜ਼ਾਨਾ ਸਪੋਕਸਮੈਨ ਤੇ ਇਸ ਦੇ ਪਾਠਕਾਂ ਵਲੋਂ ਉਸਾਰੇ ਜਾ ਰਹੇ ਇਸ ਅੰਤਰ-ਰਾਸ਼ਟਰੀ ਪੱਧਰ ਦੇ ਅਜੂਬੇ ਨੂੰ ਇਸ ਅਖ਼ਬਾਰ ਦਾ ਇਤਿਹਾਸਕ ਕਾਰਨਾਮਾ ਦਸਿਆ ਜੋ ਸਦਾ ਲਈ ਰੋਜ਼ਾਨਾ ਸਪੋਕਸਮੈਨ ਦਾ ਨਾਂ ਗੂੰਜਦਾ ਰੱਖੇਗਾ। ਪਤਵੰਤਿਆਂ ਦਾ ਕਹਿਣਾ ਸੀ ਕਿ ਕਿਸੇ ਹੋਰ ਅਖ਼ਬਾਰ ਨੇ ਪੰਜਾਬ ਨੂੰ ਅੰਤਰ-ਰਾਸ਼ਟਰੀ ਪੱਧਰ ਦਾ ਅਜਿਹਾ ਕੋਈ ਅਜੂਬਾ ਨਹੀਂ ਦਿਤਾ। 

ਇਸ ਮੌਕੇ ਵਧਾਈ ਦੇਣ ਪੁੱਜੇ ਮੁੱਖ ਪਤਵੰਤਿਆਂ ਵਿਚ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ, ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਤ੍ਰਿਪਤ ਰਜਿੰਦਰ ਸਿੰਘ, ਰਾਣਾ ਗੁਰਜੀਤ ਸਿੰਘ, ਕੈਪਟਨ ਅਮਰਿੰਦਰ ਸਿੰਘ ਦੇ ਪੋਤਰੇ ਨਿਰਵਾਣ ਸਿੰਘ, ਵਿਧਾਇਕ ਰਾਣਾ ਸੋਢੀ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਡਾ. ਰਾਜ ਕੁਮਾਰ ਵੇਰਕਾ, ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ, ਮੀਡੀਆ ਸਲਾਹਕਾਰ ਨਵੀਨ   ਠੁਕਰਾਲ, ਡੀਜੀਪੀ ਸੁਰੇਸ਼ ਅਰੋੜਾ, ਚੀਫ਼ ਡਾਇਰੈਕਟਰ ਵਿਜੀਲੈਂਸ ਵੀ.ਕੇ. ਉਪਲ, ਡੀਜੀਪੀ ਇੰਟੇਲੀਜੈਂਸ ਦਿਨਕਰ ਗੁਪਤਾ, ਆਈਜੀ ਜ਼ੋਨਲ ਸ੍ਰੀ ਏਐਸ ਰਾਏ, ਆਈਜੀ ਜ਼ੋਨਲ ਨੌਨਿਹਾਲ ਸਿੰਘ , ਤੇਜਵੀਰ ਸਿੰਘ, ਵਿਸ਼ੇਸ਼ ਸਕੱਤਰ ਸ. ਗੁਰਇਕਬਾਲ ਸਿੰਘ ਐਡਵੋਕੇਟ ਰਾਮਪ੍ਰਤਾਪ ਸਿੰਘ, ਪਰਮਜੀਤ ਸਿੰਘ ਥੱੜਾ ਅਤੇ ਐਡੀਟਰ ਸ਼ੰਗਾਰਾ ਸਿੰਘ ਭੁੱਲਰ ਵੀ ਸ਼ਾਮਲ ਸਨ।