ਰੁਜ਼ਗਾਰ ਮੇਲਿਆਂ ਦੀ ਨੁਕਤਾਚੀਨੀ ਕਰਨ ਦੀ ਬਜਾਏ ਵਿਰੋਧੀ ਧਿਰਾਂ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਲਈ ਖ਼ੁਦ ਅੱਗੇ ਆਉਣ : ਚੰਨੀ

ਖ਼ਬਰਾਂ, ਪੰਜਾਬ



ਲੁਧਿਆਣਾ, 2 ਸਤੰਬਰ (ਮਹੇਸ਼ਇੰਦਰ ਸਿੰਘ ਮਾਂਗਟ) : ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗਾਂ ਬਾਰੇ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਬਾਦਲ ਪਰਵਾਰ, ਬਿਕਰਮ ਸਿੰਘ ਮਜੀਠੀਆ ਅਤੇ ਵਿਰੋਧੀ ਧਿਰ ਦੇ ਨੇਤਾ ਸ. ਸੁਖਪਾਲ ਸਿੰਘ ਖਹਿਰਾ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਬਾਰੇ ਨੁਕਤਾਚੀਨੀ ਕਰਨ ਦੀ ਬਜਾਏ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਖ਼ੁਦ ਅੱਗੇ ਆਉਣ। ਜੇਕਰ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਉਹ ਬੇਲੋੜੀ ਬਿਆਨਬਾਜ਼ੀ ਛੱਡ ਕੇ ਪੰਜਾਬ ਸਰਕਾਰ ਨੂੰ ਅਪਣਾ ਕੰਮ ਕਰਨ ਦੇਣ ਤਾਂ ਜੋ ਪੰਜਾਬ ਦੇ ਨੌਜਵਾਨ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਲਾਭ ਲੈ ਕੇ ਅਪਣੇ ਪੈਰਾਂ 'ਤੇ ਖੜੇ ਹੋ ਸਕਣ।
ਅੱਜ ਸਥਾਨਕ ਗਿੱਲ ਸੜਕ ਸਥਿਤ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਲੜਕੇ) ਵਿਖੇ ਲਗਾਏ ਗਏ ਮਹਾਂ ਰੋਜ਼ਗਾਰ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸ. ਚੰਨੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਬਾਦਲ ਪਰਵਾਰ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪੰਜਾਬ ਦੇ ਨੌਜਵਾਨਾਂ ਨਾਲ ਜੇਕਰ ਬਹੁਤ ਲਗਾਅ ਹੈ ਤਾਂ ਇਹ ਖ਼ੁਦ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮਾਲਕ ਹਨ, ਤਾਂ ਫਿਰ ਇਹ ਖ਼ੁਦ ਕਿਉਂ ਨਹੀਂ ਨੌਜਵਾਨਾਂ ਲਈ ਰੋਜ਼ਗਾਰ ਮੇਲੇ ਲਗਾਉਂਦੇ? ਜਾਂ ਪੰਜਾਬੀ ਨੌਜਵਾਨਾਂ ਨੂੰ ਅਪਣੀਆਂ ਕੰਪਨੀਆਂ ਵਿਚ ਭਰਤੀ ਕਰਦੇ?
ਉਨ੍ਹਾਂ ਬਾਦਲ ਪਰਵਾਰ ਦੇ ਉਦਯੋਗਾਂ ਆਰਬਿਟ, ਹੋਟਲ ਸਨਅਤ ਆਦਿ ਦਾ ਵੇਰਵਾ ਦਿੰਦਿਆਂ ਕਿਹਾ ਕਿ ਇਹ ਚਾਹੁੰਣ ਤਾਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਅਪਣੇ ਪੱਧਰ 'ਤੇ ਨੌਕਰੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਵਿਚ ਫ਼ੂਡ ਪ੍ਰੋਸੈਸਿੰਗ ਉਦਯੋਗਾਂ ਬਾਰੇ ਮੰਤਰੀ ਹੈ, ਉਸ ਨੇ ਪੰਜਾਬ ਵਿਚ ਕੋਈ ਉਦਯੋਗ ਤਾਂ ਕੀ ਲੈ ਕੇ ਆਉਣਾ ਸੀ ਸਗੋਂ ਪੰਜਾਬ ਦੇ ਨੌਜਵਾਨਾਂ ਨੂੰ ਅਪਣੇ ਮੰਤਰਾਲੇ ਵਿਚ ਨੌਕਰੀ ਦਿਵਾਉਣ ਲਈ ਵੀ ਕੋਈ ਉਪਰਾਲਾ ਨਹੀਂ ਕੀਤਾ।
ਉਨ੍ਹਾਂ ਬਾਦਲ ਪਰਵਾਰ ਅਤੇ ਮਜੀਠੀਆ ਨੂੰ ਸੱਦਾ ਦਿਤਾ ਕਿ ਉਹ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਇਨ੍ਹਾਂ ਰੋਜ਼ਗਾਰ ਮੇਲਿਆਂ ਵਿਚ ਅਪਣੇ ਸਟਾਲ ਲਗਾਉਣ, ਜੇਕਰ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਬੇਲੋੜੀ ਨੁਕਤਾਚੀਨੀ ਬੰਦ ਕਰ ਦੇਣ। ਉਨ੍ਹਾਂ  (ਬਾਕੀ ਸਫ਼ਾ 11 'ਤੇ)
ਦਸਿਆ ਕਿ ਪੰਜਾਬ ਭਰ ਵਿਚ ਲਗਾਏ ਗਏ 21 ਵੱਡੇ ਰੋਜ਼ਗਾਰ ਮੇਲਿਆਂ ਵਿਚ ਭਾਗ ਲੈਣ ਲਈ 4 ਲੱਖ ਤੋ ਵਧੇਰੇ ਨੌਜਵਾਨਾਂ ਨੇ ਆਨਲਾਈਨ ਅਪਲਾਈ ਕੀਤਾ ਸੀ ਜਿਸ ਵਿੱਚ ਪੰਜਾਬ ਸਰਕਾਰ ਨੇ 50 ਹਜ਼ਾਰ ਤੋਂ ਵਧੇਰੇ ਨੌਜਵਾਨਾਂ ਨੂੰ ਨੌਕਰੀਆਂ ਮੁਹਈਆ ਕਰਾਉਣ ਦਾ ਟੀਚਾ ਮਿਥਿਆ ਸੀ, ਜੋ ਕਿ ਸਹਿਜੇ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਇਨ੍ਹਾਂ ਮੇਲਿਆਂ ਦੌਰਾਨ ਦੇਸ਼ ਵਿਦੇਸ਼ ਦੀਆਂ 900 ਤੋਂ ਵਧੇਰੇ ਕੰਪਨੀਆਂ ਨੇ ਨੌਜਵਾਨਾਂ ਨੂੰ 10 ਹਜ਼ਾਰ ਰੁਪਏ ਤੋਂ ਲੈ ਕੇ ਇਕ ਲੱਖ ਰੁਪਏ ਪ੍ਰਤੀ ਮਹੀਨਾ ਦਾ ਪੈਕੇਜ ਦਿਤਾ ਗਿਆ ਹੈ, ਜੋ ਕਿ ਇਨ੍ਹਾਂ ਮੇਲਿਆਂ ਦੀ ਸਫ਼ਲਤਾ ਦੀ ਹਾਮੀ ਭਰਦਾ ਹੈ।
ਉਨ੍ਹਾਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ 1984 ਦੇ ਸਿੱਖ ਕਤਲੇਆਮ ਦੀ ਜਾਂਚ ਦੇ ਨਾਮ 'ਤੇ ਸਿੱਖਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸਿੱਖਾਂ ਨਾਲ ਇਨਸਾਫ਼ ਕਰਨ ਲਈ ਤਿੰਨ ਸਾਲ ਪਹਿਲਾਂ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਸੀ ਪਰ ਇਸ ਟੀਮ ਨੇ 141 ਮਾਮਲੇ ਬਿਨਾਂ ਜਾਂਚ ਦੇ ਹੀ ਬੰਦ ਕਰ ਦਿਤੇ ਸਨ, ਜੋ ਕਿ ਸਿੱਖਾਂ ਨਾਲ ਸਿੱਧੇ ਤੌਰ 'ਤੇ ਧੱਕਾ ਹੈ। ਇਸ ਬਾਰੇ ਸੁਪਰੀਮ ਕੋਰਟ ਨੇ ਕਲ ਇਕ ਹੁਕਮ ਜਾਰੀ ਕਰ ਕੇ ਇਹ ਮਾਮਲੇ ਮੁੜ ਖੋਲ੍ਹਣ ਦਾ ਹੁਕਮ ਦਿਤਾ ਹੈ। ਡੇਰਾ ਵਿਵਾਦ ਘਟਨਾਕ੍ਰਮ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਨਾਲ ਲੱਗਦੇ ਪ੍ਰਦੇਸ਼ਾਂ ਵਿਚ ਥਾਂ-ਥਾਂ ਖੁੱਲ੍ਹੇ ਡੇਰਿਆਂ ਲਈ ਸੂਬੇ ਦੀ ਅਖੌਤੀ ਸਿੱਖ ਲੀਡਰਸ਼ਿਪ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ।
ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਦਾ ਧਨਵਾਦ ਕੀਤਾ ਕਿ ਉਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀ ਦੇ ਕੇ ਅਪਣੇ ਪੈਰਾਂ 'ਤੇ ਖੜੇ ਕਰਨ ਲਈ ਵੱਡਾ ਉਪਰਾਲਾ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤ ਭੂਸ਼ਣ ਆਸ਼ੂ, ਸ. ਅਮਰੀਕ ਸਿੰਘ ਢਿੱਲੋਂ, ਸੰਜੇ ਤਲਵਾੜ, ਰਾਕੇਸ਼ ਪਾਂਡੇ (ਸਾਰੇ ਵਿਧਾਇਕ), ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ, ਏ. ਡੀ. ਸੀ. ਪੀ. ਸੰਦੀਪ ਗਰਗ ਆਦਿ ਹਾਜ਼ਰ ਸਨ।