ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀ ਸਰਾਬ ਫ਼ੈਕਟਰੀ 'ਚ ਤਿਆਰ 'ਖ਼ਾਸ' ਬ੍ਰਾਂਡ ਨੇ ਮਾਲਵਾ ਪੱਟੀ ਦੇ ਲੋਕਪ੍ਰਿਆ ਬ੍ਰਾਂਡ 'ਖਾਸਾ' ਨੂੰ ਖੂੰਜੇ ਲਗਾ ਦਿਤਾ ਹੈ। ਪੇਂਡੂ ਤੇ ਮੱਧ ਵਰਗ 'ਚ ਖ਼ਾਸਾ ਦੀ ਖ਼ਾਸ 'ਡਿਮਾਂਡ' ਨੂੰ ਦੇਖਦੇ ਹੋਏ ਉਸ ਦੇ ਬਦਲ ਵਜੋਂ ਪੰਜਾਬ ਦੇ ਪ੍ਰਮੁੱਖ ਠੇਕੇਦਾਰ ਸ੍ਰੀ ਮਲਹੋਤਰਾ ਦੀਆਂ ਸ਼ਰਾਬ ਫ਼ੈਕਟਰੀਆਂ ਵਿਚੋਂ ਤਿਆਰ 'ਖ਼ਾਸ' ਬ੍ਰਾਂਡ ਨੂੰ ਹੀ ਪਿਛਲੇ 11 ਮਹੀਨਿਆਂ 'ਚ ਲੋਕਾਂ ਅੱਗੇ ਪਰੋਸਿਆਂ ਜਾਣ ਲੱਗਾ ਹੈ। ਇਸੇ ਤਰ੍ਹਾਂ ਅੰਗਰੇਜ਼ੀ ਦੇ ਲੋਕ ਪ੍ਰਿਆ ਬ੍ਰਾਂਡ ਬਲੰਡਰ ਪ੍ਰਾਈਡ ਅਤੇ ਰਾਇਲ ਸਟੈਗ ਨੂੰ ਵੀ ਟੱਕਰ ਦੇਣ ਲਈ ਉਨ੍ਹਾਂ ਦੀ ਸੰਗਤ ਸਥਿਤ ਓਮ ਸੰਨਜ਼ ਡਿਸਟਲਰੀ ਵਿਚੋਂ ਆਲ ਸੀਜ਼ਨ ਠੇਕਿਆਂ ਲਿਆਂਦੀ ਜਾ ਚੁੱਕੀ ਹੈ। ਠੇਕੇਦਾਰ ਦੀਆਂ ਅਪਣੀਆਂ ਡਿਸਟਲਟਰੀਆਂ ਹੋਣ ਦੇ ਚੱਲਦੇ ਐਕਸ਼ਾਈਜ਼ ਵਿਭਾਗ ਦੇ ਅਧਿਕਾਰੀ ਵੀ ਲੋਕਪ੍ਰਿਆ ਬ੍ਰਾਂਡਾਂ ਨੂੰ ਪਿੱਛੇ ਕਰਨ ਦੇ ਬਾਵਜੂਦ ਸਖ਼ਤੀ ਕਰਨ ਤੋਂ ਬਚ ਰਹੇ ਹਨ। ਦਸਣਾ ਬਣਦਾ ਹੈ ਕਿ ਪੰਜਾਬ ਦੇ ਦੂਜੇ ਕਈ ਜ਼ਿਲ੍ਹਿਆਂ ਦੀ ਤਰ੍ਹਾਂ ਇਸ ਵੀਆਈਪੀ ਜ਼ਿਲ੍ਹੇ ਦੇ ਵੀ ਠੇਕੇ ਵੇਚਣ ਲਈ ਸਰਕਾਰ ਨੂੰ ਕਈ ਪਾਪੜ ਵੇਲਣੇ ਪਏ ਸਨ। ਸੂਤਰਾਂ ਤੋਂ ਇਕੱਤਰ ਜਾਣਕਾਰੀ ਮੁਤਾਬਕ ਖ਼ਾਸਾ ਸ਼ਰਾਬ ਫ਼ੈਕਟਰੀ ਦਾ ਬਠਿੰਡਾ 'ਚ 67 ਫ਼ੀ ਸਦੀ ਕੋਟਾ ਤੈਅ ਕੀਤਾ ਹੈ ਪਰ ਫ਼ਰਵਰੀ ਦੇ ਤੀਜੇ ਹਫ਼ਤੇ ਤਕ ਐਕਸਾਇਜ਼ ਵਿਭਾਗ ਵਲੋਂ ਸਿਰਫ਼ 29 ਫ਼ੀ ਸਦੀ ਮਾਲ ਦੇ ਹੀ ਪਰਮਿਟ ਜਾਰੀ ਹੋਏ ਹਨ। ਸੂਤਰਾਂ ਦਾ ਦਾਅਵਾ ਹੈ ਕਿ ਸ੍ਰੀ ਮਲਹੋਤਰਾ ਦੀ ਖ਼ੁਦ ਦੀ ਸ਼ਰਾਬ ਫ਼ੈਕਟਰੀ ਵਿਚੋਂ ਚਾਲੂ ਸੀਜ਼ਨ ਦੌਰਾਨ ਖ਼ਾਸਾ ਦੇ ਮੁਕਾਬਲੇ ਕੱਢੇ 'ਖਾਸ' ਬ੍ਰਾਂਡ ਨੂੰ ਲੋਕਪ੍ਰਿਆ ਬਣਾਉਣ ਲਈ ਬਠਿੰਡਾ ਸ਼ਹਿਰ ਅਤੇ ਆਸਪਾਸ ਦੇ ਕਈ ਇਲਾਕਿਆਂ 'ਚ ਖ਼ਾਸਾ ਬ੍ਰਾਂਡ ਨੂੰ ਅਣਗੋਲਿਆ ਕਰੀ ਰੱਖਿਆ ਰਿਹਾ।