ਸਾਬਕਾ ਮੰਤਰੀ ਜੱਸੀ ਨਾਲ ਮਿਲ ਕੇ ਰੇਲ ਗੱਡੀਆਂ ਨੂੰ ਰੋਕਣ ਦਾ ਮਾਮਲਾ

ਖ਼ਬਰਾਂ, ਪੰਜਾਬ

ਆਪ ਆਗੂ ਭੁਪਿੰਦਰ ਸਿੰਘ ਗੋਰਾ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ
ਬਠਿੰਡਾ, 8 ਮਾਰਚ (ਸੁਖਜਿੰਦਰ ਮਾਨ): ਅੱਜ ਬਠਿੰਡਾ ਦੀ ਇਕ ਅਦਾਲਤ ਨੇ ਆਪ ਆਗੂ ਭੁਪਿੰਦਰ ਸਿੰਘ ਗੋਰਾ ਦੇ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਸ੍ਰੀ ਗੋਰਾ ਸਹਿਤ ਕਰੀਬ ਦੋ ਦਰਜਨ ਵਿਅਕਤੀਆਂ ਵਿਰੁਧ ਸਥਾਨਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦੀ ਅਗਵਾਈ ਹੇਠ ਕਿਸਾਨੀ ਮੁੱਦਿਆਂ ਨੂੰ ਲੈ ਕੇ ਰੇਲ ਗੱਡੀਆਂ ਨੂੰ ਰੋਕਣ ਦਾ ਮਾਮਲਾ ਚੱਲ ਰਿਹਾ ਹੈ। ਰੇਲਵੇ ਪੁਲਿਸ ਬਲ ਦੁਆਰਾ 2 ਮਈ 2015 ਨੂੰ ਅਧੀਨ ਧਾਰਾ 145,146,147 ਅਤੇ 174 ਰੇਲਵੇ ਐਕਟ ਤਹਿਤ ਦਰਜ ਇਸ ਮੁਕੱਦਮੇ ਵਿਚ ਸਾਬਕਾ ਮੰਤਰੀ ਸ੍ਰੀ ਜੱਸੀ ਤੋਂ ਇਲਾਵਾ ਸਾਬਕਾ ਵਿਧਾਇਕ ਗੁਰਾ ਸਿੰਘ ਤੂੰਗਵਾਲੀ, ਇਕ ਕੌਂਸਲਰ ਅਤੇ ਕਾਂਗਰਸ ਦੇ ਵੱਡੇ ਆਗੂਆਂ ਨੂੰ ਕਥਿਤ ਮੁਜ਼ਰਮ ਬਣਾਇਆ ਹੋਇਆ ਹੈ। ਸੂਤਰਾਂ ਮੁਤਾਬਕ ਸ੍ਰੀ ਜੱਸੀ ਨੂੰ ਕੁੱਝ ਸਮਾਂ ਪਹਿਲਾਂ ਸੁਰੱਖਿਆ ਕਾਰਨਾਂ ਦੇ ਚੱਲਦੇ ਅਦਾਲਤ ਵਿਚ ਨਿਜੀ ਪੇਸ਼ੀ ਲਈ ਛੋਟ ਮਿਲੀ ਹੋਈ ਹੈ। ਅੱਜ ਇਸ ਕੇਸ ਦੀ ਸਥਾਨਕ ਅਦਾਲਤ ਵਿਚ ਤਰੀਕ ਸੀ, ਜਿਥੇ ਸ੍ਰੀ ਗੋਰਾ ਪੇਸ਼ ਨਹੀਂ ਹੋਏ। ਸੂਚਨਾ ਮੁਤਾਬਕ ਬੇਸ਼ੱਕ ਉਨ੍ਹਾਂ ਦੇ ਵਕੀਲ ਵਲੋਂ ਅਪਣੇ ਕਲਾਇੰਟ ਦੀ ਸਿਹਤ ਨਾਸ਼ਾਜ ਨੂੰ ਇਸ ਦਾ ਕਾਰਨ ਦਸਿਆ ਗਿਆ ਪਰ ਉਨ੍ਹਾਂ ਦੇ ਕਾਂਗਰਸ 'ਚ ਸਾਥੀ ਰਹੇ ਕੁੱਝ ਵਿਅਕਤੀਆਂ ਵਲੋਂ ਇਸ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਬੀਤੇ ਕਲ ਉਨ੍ਹਾਂ ਉਪਰ ਇਕ ਟੀਵੀ ਡਿਬੇਟ 'ਚ ਹਿੱਸਾ ਲੈਣ ਦਾ ਦਾਅਵਾ ਕੀਤਾ ਜਿਸ ਤੋਂ ਬਾਅਦ ਅਦਾਲਤ ਨੇ 3 ਅਪ੍ਰੈਲ ਲਈ ਭੁਪਿੰਦਰ ਸਿੰਘ ਗੋਰਾ ਦੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿਤੇ।