ਸਾਧੂ ਸਿੰਘ ਧਰਮਸੋਤ ਦਾ ਸੁਖਬੀਰ ਸਿੰਘ ਬਾਦਲ 'ਤੇ ਪਲਟਵਾਰ

ਖ਼ਬਰਾਂ, ਪੰਜਾਬ

'ਕੈਪਟਨ ਦੇ ਲੋਕਪੱਖੀ ਫ਼ੈਸਲਿਆਂ ਕਾਰਨ ਬੌਖਲਾਏ ਸੁਖਬੀਰ'
ਚੰਡੀਗੜ੍ਹ, 17 ਫ਼ਰਵਰੀ (ਸਸਸ): ਪੰਜਾਬ ਦੇ ਜੰਗਲਾਤ, ਪ੍ਰੀਟਿੰਗ ਐਂਡ ਸਟੇਸ਼ਨੀ, ਐਸ.ਸੀ.ਬੀ.ਸੀ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੁਖਬੀਰ ਬਾਦਲ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਲਾਰੇ ਲਾ ਕੇ ਲੋਕਾਂ ਨੂੰ ਠੱਗਣ ਸੰਬੰਧੀ ਲਾਏ ਜਾ ਰਹੇ ਇਲਜ਼ਾਮਾਂ ਨੂੰ ਲੈ ਕੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ। ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਪੋਲ ਖੋਲ੍ਹ ਰੈਲੀਆਂ ਦਾ ਡਰਾਮਾ ਕਰਨ ਵਾਲੇ ਸੁਖਬੀਰ ਬਾਦਲ ਹਿਸਾਬ ਦੇਣ ਕਿ ਅਪਣੀ ਸਰਕਾਰ ਦੇ 10 ਸਾਲਾਂ ਵਿਚ ਉਨ੍ਹਾਂ ਸੂਬੇ ਦੇ ਲੋਕਾਂ ਨੂੰ ਕਿੰਨਾ ਲੁਟਿਆ ਤੇ ਕੁਟਿਆ ਹੈ?  ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਤੇ ਪੰਜਾਬੀਆਂ ਦੇ ਹਿੱਤ 'ਚ ਲਏ ਗਏ ਇਤਿਹਾਸਕ ਫ਼ੈਸਲਿਆਂ ਦੀ ਹਰ ਪਾਸੇ ਪ੍ਰਸ਼ੰਸਾ ਹੋਣ ਕਰ ਕੇ ਸੁਖਬੀਰ ਬਾਦਲ ਬੌਖਲਾਹਟ ਵਿਚ ਆ ਗਏ ਹਨ। ਜਿਸ ਕਰ ਕੇ ਅਪਣੇ 10 ਸਾਲਾਂ ਦੇ ਕਾਰਜਕਾਲ 'ਚ ਸੂਬੇ ਦੇ ਹਰ ਵਿਅਕਤੀ ਨੂੰ ਠੱਗਣ ਵਾਲੇ ਅੱਜ ਦੂਜਿਆਂ ਨੂੰ ਠੱਗ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਅਪਣੀ ਪੀੜ੍ਹੀ ਥੱਲੇ ਸੋਟੀ ਫੇਰਨੀ ਚਾਹੀਦੀ ਹੈ।