ਸਾਧੂ ਸਿੰਘ ਧਰਮਸੋਤ ਨੇ ਸੰਭਾਲੀ ਭੋਆ ਹਲਕੇ ਦੀ ਕਮਾਂਡ

ਖ਼ਬਰਾਂ, ਪੰਜਾਬ

ਚੰਡੀਗੜ੍ਹ, 30 ਸਤੰਬਰ (ਏ.ਐਸ. ਖੰਨਾ) : ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ 'ਚ ਭੋਆ ਹਲਕੇ ਦੀ ਕਮਾਂਡ ਸੰਭਾਲਦਿਆਂ ਕਾਂਗਰਸੀ ਉਮੀਦਵਾਰ ਸੁਨੀਲ ਜਾਖ਼ੜ ਦੇ ਹੱਕ 'ਚ ਚੋਣ ਪ੍ਰਚਾਰ ਤੇਜ਼ ਕਰ ਦਿਤਾ ਗਿਆ ਹੈ।
ਅਪਣੇ ਚੋਣ ਪ੍ਰਚਾਰ ਦੌਰਾਨ ਧਰਮਸੋਤ ਨੇ ਅਕਾਲੀ ਦਲ-ਭÎਾਜਪਾ ਤੇ ਆਮ ਆਦਮੀ ਪਾਰਟੀ 'ਤੇ ਤਿੱਖੇ ਸਿਆਸੀ ਹਮਲੇ ਬੋਲਦਿਆਂ ਆਖਿਆ ਕਿ ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ। ਉਨ੍ਹਾਂ ਆਖਿਆ ਕਿ ਕਿਸਾਨਾਂ ਦਾ ਹਿਤੈਸ਼ੀ ਅਖਵਾਉਣ ਵਾਲਾ ਅਕਾਲੀ ਦਲ 10 ਸਾਲ ਸੂਬੇ ਦੀ ਸੱਤਾ 'ਤੇ ਕਾਬਜ਼ ਰਿਹਾ, ਪਰ ਅਫ਼ਸੋਸ ਕਿਸਾਨਾਂ ਨੂੰ ਫੁੱਟੀ ਕੋੜੀ ਵੀ ਨਹੀਂ ਦਿਤੀ। ਸਗੋਂ ਉਲਟਾ ਕਿਸਾਨਾਂ ਦੀ ਪੱਤ ਰੋਲੀ ਅਤੇ ਹੁਣ ਜਦੋਂ ਕੈਪਟਨ ਸਰਕਾਰ ਨੇ ਪੰਜ ਏਕੜ ਵਾਲੇ ਕਿਸਾਨਾਂ ਦਾ ਦੋ ਲੱਖ ਰੁਪਏ ਤਕ ਦਾ ਕਰਜਾ ਮੁਆਫ਼ ਕਰ ਦਿਤਾ ਹੈ ਤਾਂ ਇਹ ਕਿਸਾਨਾਂ ਨੂੰ ਗੁੰਮਰਾਹ ਕਰਨ ਲੱਗੇ ਹੋਏ ਹਨ।
ਇਸੇ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਨਿਆਂ ਦਾ ਕਰੋੜਾਂ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿਤਾ, ਪਰ ਪੰਜਾਬ ਦੇ ਕਿਸਾਨਾਂ ਦਾ ਇਕ ਨਵਾਂ ਪੈਸਾ ਮੁਆਫ਼ ਨਹੀਂ ਕੀਤਾ। ਇਸ ਸਬੰਧੀ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਨੇਕਾਂ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲ ਕੇ ਪੰਜਾਬ ਦੇ ਕਿਸਾਨਾਂ ਦੀ ਕਰਜਾ ਮੁਆਫ਼ੀ ਸਬੰਧੀ ਬੇਨਤੀ ਕੀਤੀ ਜਾ ਚੁਕੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕਿਸਾਨਾਂ ਦਾ ਕਰਜਾ ਮੁਆਫ਼ ਕੀਤੇ ਜਾਣ ਨੂੰ ਲੈ ਕੇ ਉੱਚੀ-ਉੱਚੀ ਟਾਹਰਾਂ ਮਾਰਨ ਵਾਲੀ ਆਮ ਆਦਮੀ ਪਾਰਟੀ ਨੇ ਵੀ ਦਿੱਲੀ 'ਚ ਆਪਣੀ ਸਰਕਾਰ ਹੋਣ ਦੇ ਬਾਵਜੂਦ ਕਿਸਾਨਾਂ ਦਾ ਇਕ ਵੀ ਧੇਲਾ ਮੁਆਫ਼ ਨਹੀਂ ਕੀਤਾ।
ਸਾਧੂ ਸਿੰਘ ਧਰਮਸੋਤ ਨੇ ਦਾਅਵਾ ਕੀਤਾ ਕਿ ਭਾਜਪਾ ਉਮੀਦਵਾਰ ਨੂੰ ਹਰਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਦੀ ਨੋਟਬੰਦੀ ਤੇ ਜੀ.ਐਸ.ਟੀ. ਬਿਲ ਅਤੇ ਅਕਾਲੀ ਆਗੂਆਂ ਦੀਆਂ ਕਰਤੂਤਾਂ ਹੀ ਕਾਫ਼ੀ ਹਨ। ਜਦਕਿ ਆਮ ਆਦਮੀ ਪਾਰਟੀ ਦਾ ਇਸ ਇਲਾਕੇ 'ਚ ਭੋਰਾ ਵੀ ਵਜੂਦ ਨਹੀਂ ਹੈ। ਉਨ੍ਹਾਂ ਆਖਿਆ ਕਿ ਸੁਨੀਲ ਜਾਖੜ ਇਕ ਪੜੇ-ਲਿਖੇ ਅਤੇ ਤਜ਼ਰਬੇਕਾਰ ਨੇਤਾ ਹਨ, ਜਿਨ੍ਹਾਂ ਦੀ ਕਾਬਲੀਅਤ ਜਗ-ਜਾਹਰ ਹੈ।
ਇਸ ਤੋਂ ਇਲਾਵਾ ਕੈਪਟਨ ਸਰਕਾਰ ਦੇ 6 ਮਹੀਨਿਆਂ ਦਾ ਇਤਿਹਾਸ ਵਿਕਾਸ ਕਾਰਜਕਾਲ ਕਾਂਗਰਸੀ ਉਮੀਦਵਾਰ ਦੀ ਜਿੱਤ 'ਚ ਸੋਨੇ 'ਤੇ ਸੁਹਾਗੇ ਦਾ ਕੰਮ ਕਰੇਗਾ। ਉਨ੍ਹਾਂ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਸੁਨੀਲ ਜਾਖ਼ੜ ਨੂੰ ਜਿਤਾਉਣ ਦਾ ਹੋਕਾ ਦਿੰਦਿਆਂ ਪੰਜਾਬ ਦੇ ਭਲੇ ਲਈ ਦਿਨ-ਰਾਤ ਇਕ ਕਰ ਦੇਣ ਦੀ ਜ਼ੋਰਦਾਰ ਅਪੀਲ ਵੀ ਕੀਤੀ ਤਾਂ ਜੋ ਕੈਪਟਨ ਸਰਕਾਰ ਵਲੋਂ ਅਰੰਭੇ ਵਿਕਾਸ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਜਾ ਸਕੇ।