ਸੰਗਰੂਰ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਦੋ ਗ੍ਰਿਫ਼ਤਾਰ

ਖ਼ਬਰਾਂ, ਪੰਜਾਬ

ਸੰਗਰੂਰ, 23 ਫ਼ਰਵਰੀ (ਪਰਮਜੀਤ ਸਿੰਘ ਲੱਡਾ) : ਜਿਲ੍ਹੇ ਦੇ ਸੰਦੌੜ ਨੇੜੇ ਸਥਿਤ ਬਾਪਲਾ ਪਿੰਡ ਵਿਚ ਪ੍ਰਵਾਸੀ ਮਜ਼ਦੂਰ ਦੇ ਹੋਏ ਅੰਨ੍ਹੇ ਕਤਲ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਸੰਗਰੂਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਸਥਾਨਕ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਸ.ਪੀ.(ਡੀ.) ਹਰਪ੍ਰੀਤ ਸਿੰਘ ਹੁੰਦਲ ਅਤੇ ਐਸ.ਪੀ. ਮਲੇਰਕੋਟਲਾ ਰਾਜ ਕੁਮਾਰ ਨੇ ਸਾਂਝੇ ਤੌਰ 'ਤੇ ਦਸਿਆ ਕਿ 17-18 ਫ਼ਰਵਰੀ ਦੀ ਰਾਤ ਨੂੰ ਪਿੰਡ ਬਾਪਲਾ ਥਾਣਾ ਸੰਦੋੜੇ ਦੇ ਪ੍ਰਵਾਸੀ ਮਜ਼ਦੂਰ ਧਰਵਿੰਦਰ ਸਾਧਾ ਦਾ ਕਿਸੇ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿਤਾ ਸੀ। ਥਾਣਾ ਸੰਦੋੜ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿਤੀ। ਹੁੰਦਲ ਨੇ ਦਸਿਆ ਕਿ ਡੀ.ਐਸ.ਪੀ. ਮਲੇਰਕੋਟਲ ਯੋਗੀ ਰਾਜ, ਥਾਣਾ ਸੰਦੋੜ ਮੁਖੀ ਪਰਮਿੰਦਰ ਸਿੰਘ ਅਤੇ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਦੀ ਟੀਮ ਦੇ ਸਹਿਯੋਗ ਨਾਲ ਧਰਮਿੰਦਰ ਦੇ ਕਾਤਲਾਂ ਦਾ ਪਤਾ ਲਗਾ ਕੇ ਮੁੰਨਾ ਕੁਮਾਰ ਯਾਦਵ ਵਾਸੀ ਬਿਹਾਰ ਹਾਲ ਅਬਾਦ ਪਿੰਡ ਬਾਪਲਾ ਅਤੇ ਅਜੇ ਕੁਮਾਰ ਵਾਸੀ ਬਿਹਾਰ ਹਾਲ ਅਬਾਦ ਪੰਜ ਗੁਰਾਇਆ ਨੂੰ ਗ੍ਰਿਫ਼ਤਾਰ ਕਰ ਲਿਆ।

ਕੀ ਸੀ ਕਤਲ ਦਾ ਕਾਰਨ : ਕਤਲ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. ਨੇ ਦਸਿਆ ਕਿ ਮੁੰਨਾ ਕੁਮਾਰ ਯਾਦਵ ਦੀ ਬਿਹਾਰ ਰਹਿੰਦੀ ਇਕ ਲੜਕੀ ਨਾਲ  ਦੋਸਤੀ ਸੀ ਜਿਸ ਦਾ ਮੋਬਾਈਲ ਨੰਬਰ ਉਸ ਦੇ ਮੋਬਾਈਲ ਵਿਚ ਦਰਜ ਸੀ। ਉਨ੍ਹਾਂ ਦਸਿਆ ਕਿ ਇਕ ਦਿਨ ਧਰਮਿੰਦਰ ਸਾਧਾ ਨੇ ਗਾਣੇ ਕਾਪੀ ਕਰਨ ਲਈ ਮੁੰਨਾ ਦਾ ਮੋਬਾਇਲ ਫੜ ਲਿਆ ਤੇ ਬਿਹਾਰ ਰਹਿੰਦੀ ਲੜਕੀ ਦਾ ਨੰਬਰ ਕਾਪੀ ਕਰ ਬਾਅਦ ਵਿਚ ਧਰਮਿੰਦਰ ਉਸ ਲੜਕੀ ਨੂੰ ਫ਼ੋਨ ਕਰਨ ਲੱਗਾ ਅਤੇ ਤੰਗ ਪ੍ਰੇਸ਼ਾਨ ਕਰਨ ਲੱਗਾ, ਜਿਸ ਦਾ ਮੁੰਨਾ ਯਾਦਵ ਨੂੰ ਪਤਾ ਲੱਗ ਗਿਆ। ਮੁੰਨਾ ਯਾਦਵ ਨੇ 17 ਫ਼ਰਵਰੀ ਨੂੰ ਅਪਣੇ ਸਾਥੀ ਅਜੇ ਕੁਮਾਰ ਨਾਲ ਮਿਲ ਕੇ ਧਰਮਿੰਦਰ ਨੂੰ ਸ਼ਰਾਬ ਪਿਆ ਕੇ ਟੱਲੀ ਕਰ ਦਿਤਾ ਅਤੇ ਬਾਅਦ ਵਿਚ ਉਸ ਨੂੰ ਮਾਣਕੀ ਰੋਡ 'ਤੇ ਲੱਗੇ ਮੋਬਾਈਲ ਟਾਵਰ ਨੇੜੇ ਖੇਤਾਂ ਨੂੰ ਮੁੜਦੀ ਪਹੀ 'ਤੇ ਲੱਗੇ ਮੀਲ ਪੱਥਰ ਨੂੰ ਪੱਟ ਕੇ ਧਰਮਿੰਦਰ ਦੇ ਸਿਰ 'ਤੇ ਮਾਰ ਕੇ ਕਤਲ ਕਰ ਦਿਤਾ। ਸ੍ਰੀ ਹੁੰਦਲ ਨੇ ਦਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਤੋਂ ਮ੍ਰਿਤਕ ਦਾ ਮੋਬਾਈਲ ਅਤੇ ਕਤਲ ਸਮੇਂ ਪਹਿਲੇ ਹੋਏ ਖੂਨ ਨਾਲ ਲਥਪਥ ਕਪੜੇ ਅਤੇ ਬੂਟ ਬਰਾਮਦ ਕਰਵਾ ਲਏ ਹਨ। ਐਸ.ਪੀ. ਰਾਜ ਕੁਮਾਰ ਨੇ ਦਸਿਆ ਕਿ ਮ੍ਰਿਤਕ ਧਰਮਿੰਦਰ ਧਾਮਾ, ਮੁੰਨਾ ਕੁਮਾਰ ਯਾਦਵ ਅਤੇ ਅਜੇ ਕੁਮਾਰ ਸਾਰੇ ਬਿਹਾਰ ਨਿਵਾਸੀ ਹਨ ਅਤੇ ਸੰਦੌੜ ਥਾਣੇ ਦੇ ਵੱਖ-ਵੱਖ ਪਿੰਡਾਂ ਜਿੰਮੀਦਾਰਾਂ ਦੇ ਨੌਕਰੀ ਕਰਦੇ ਸਨ। ਇਸ ਮੌਕੇ ਡੀ.ਐਸ.ਪੀ. ਯੋਗੀਰਾਜ ਅਤੇ ਐਸ.ਐਚ.ਓ. ਸੰਦੌੜ ਪਰਮਿੰਦਰ ਸਿੰਘ ਮੌਜੂਦ ਸਨ।