ਸੈਟੇਲਾਈਟ ਰਾਹੀਂ ਨਿਸ਼ਾਨਦੇਹੀ ਦਾ ਪ੍ਰਾਜੈਕਟ ਸ਼ੁਰੂ

ਖ਼ਬਰਾਂ, ਪੰਜਾਬ

ਜਲੰਧਰ/ਆਦਮਪੁਰ, 17 ਨਵੰਬਰ (ਸਤਨਾਮ ਸਿੰਘ ਸਿੱਧੂ, ਸੁਦੇਸ਼) : ਜਲੰਧਰ ਜ਼ਿਲ੍ਹੇ ਦੇ ਆਦਮਪੁਰ ਤੋਂ ਇਲੈਕਟ੍ਰਾਨਿਕ ਰਜਿਸਟਰੇਸ਼ਨ ਤੇ ਸੈਟੇਲਾਇਟ ਰਾਹੀਂ ਨਿਸ਼ਾਨਦੇਹੀ  ਦੇ ਪ੍ਰਾਜੈਕਟ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਨਾਲ ਲੋਕ ਘਰ ਬੈਠੇ ਹੀ ਰਜਿਸਟਰੀ ਲਈ ਸਮਾਂ ਪ੍ਰਾਪਤ ਕਰ ਸਕਣਗੇ ਉੱਥੇ ਹੀ ਜ਼ਮੀਨ ਦੀ  ਨਿਸ਼ਾਨਦੇਹੀ ਤੇ ਤਕਸੀਮ ਦੇ ਕੇਸਾਂ ਵੀ ਨਿਪਟਾਰਾ ਵੀ ਆਸਾਨੀ ਨਾਲ ਹੋ ਸਕੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਪ੍ਰਾਜੈਕਟ ਦੀ ਵੀਡੀਉ ਕਾਨਫ਼ਰੰਸਿੰਗ ਰਾਹੀਂ ਸ਼ੁਰੂਆਤ ਕੀਤੀ ਗਈ ਜਿਸ ਦੌਰਾਨ ਕੈਬਨਿਟ ਮੰਤਰੀ ਵੀ ਹਾਜ਼ਰ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਦੀ ਹਾਜ਼ਰੀ ਵਿਚ ਇਨ੍ਹਾਂ ਪਾਇਲਟ ਪ੍ਰਾਜੈਕਟਾਂ ਨੂੰ ਲਾਂਚ ਕਰਦਿਆਂ ਵੀਡੀਉ ਕਾਨਫਰੰਸਿੰਗ ਰਾਹੀਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਨੂੰ ਯਕੀਨ ਦਿਵਾਇਆ ਕਿ ਜ਼ਿਲ੍ਹਾ ਜਲੰਧਰ ਵਿਚ ਇਨ੍ਹਾਂ ਪ੍ਰਾਜੈਕਟਾਂ ਨੂੰ ਇਨ-ਬਿਨ ਲਾਗੂ ਕੀਤਾ ਜਾਵੇਗਾ।  ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਆਨਲਾਈਨ ਰਜਿਸਟਰੇਸ਼ਨ (ਐਨਜੀਡੀਆਰਐਸ) ਪ੍ਰਾਜੈਕਟ ਨੂੰ ਆਦਮਪੁਰ (ਜਲੰਧਰ) ਅਤੇ ਮੋਗਾ ਵਿਖੇ ਪਾਇਲਟ ਪ੍ਰਾਜੈਕਟ ਦੇ ਰੂਪ ਵਿਚ ਜਾਰੀ ਕੀਤਾ ਜਾ ਰਿਹਾ ਹੈ ਅਤੇ ਇਲੈਕਟਾ੍ਰਨਿਕ ਸਿਸਟਮ ਤੋਂ ਜ਼ਮੀਨ ਦੇ ਨਿਸ਼ਾਨਦੇਹੀ ਦਾ ਪਾਇਲਟ ਪ੍ਰਾਜੈਕਟ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਐਸ ਏ ਐਸ ਨਗਰ (ਮੋਹਾਲੀ) ਦੇ ਪੰਜ ਜ਼ਿਲ੍ਹਿਆਂ ਵਿਚ ਸ਼ੁਰੂ ਕੀਤਾ ਜਾ ਰਿਹਾ ਹੈ। 

 ਉਨਾਂ  ਕਿਹਾ ਕਿ ਨਿਸ਼ਾਨਦੇਹੀ ਤੇ ਜ਼ਮੀਨ ਦੀ ਤਕਸੀਮ ਦੇ ਕੇਸਾਂ ਲਈ ਜੀਓ-ਰੈਫਰੈਨਿਸੰਗ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ ਜਿਸ ਨਾਲ ਜ਼ਮੀਨ ਦਾ ਸਹੀ ਨਕਸ਼ਾ ਉਪਲਬਧ ਹੋਣ ਨਾਲ ਗਲਤੀ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ। ਇਸ ਤੋਂ ਇਲਾਵਾ ਇਨ੍ਹਾਂ ਪ੍ਰਾਜੈਕਟਾਂ ਦੀ ਸ਼ੁਰੂਆਤ ਨਾਲ ਜ਼ਮੀਨ ਸਬੰਧੀ ਝਗੜਿਆਂ ਤੇ ਕੇਸਾਂ ਵਿਚ ਵੀ ਵੱਡੀ ਕਮੀ ਆਉਣ ਦੀ ਸੰਭਾਵਨਾ ਹੈ।  ਇਸ ਤੋਂ ਪਹਿਲਾਂ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਰਾਜ ਕਮਲ ਚੌਧਰੀ ਤੇ ਡਿਪਟੀ ਕਮਿਸ਼ਨਰ ਵਲੋਂ ਆਨਲਾਇਨ ਕੀਤੀ ਗਈ  ਪਹਿਲੀ ਰਜਿਸਟਰੀ ਦੀ ਕਾਪੀ ਦਿਸ਼ਵੇਂਦਰ ਕੁਮਾਰ ਤੇ ਉਨ੍ਹਾਂ ਦੇ ਪਰਵਾਰ ਨੂੰ ਸੌਂਪੀ ਗਈ।
ਇਸ ਮੌਕੇ ਡਾਇਰੈਕਟਰ ਲੈਂਡ ਰਿਕਾਰਡਜ਼ ਵਿਨੈ ਬੁਬਲਾਨੀ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ,  ਐਸ.ਡੀ.ਐਮਜ਼ ਵਰਿੰਦਰਪਾਲ ਸਿੰਘ ਬਾਜਵਾ, ਨਵਨੀਤ ਕੌਰ ਬੱਲ, ਪਰਮਵੀਰ ਸਿੰਘ , ਮੈਨੇਜ਼ਰ ਐਨ.ਆਈ.ਸੀ. ਅਮੋਲਕ ਸਿੰਘ ਕਲਸੀ ਹਾਜ਼ਰ ਸਨ।