ਸਕੂਲ ਬੱਸ ਦਾ ਰੈਡੀਏਟਰ ਫਟਿਆ, ਦੋ ਵਿਦਿਆਰਥੀ ਝੁਲਸੇ

ਖ਼ਬਰਾਂ, ਪੰਜਾਬ



ਮੰਡੀ ਗੋਬਿੰਦਗੜ੍ਹ, 10 ਸਤੰਬਰ (ਰਣਧੀਰ ਸਿੰਘ) : ਮੰਡੀ ਗੋਬਿੰਦਗੜ੍ਹ ਵਿਖੇ ਇਕ ਸਕੂਲ ਬੱਸ ਦਾ ਰੇਡੀਏਟਰ ਫਟਣ ਕਾਰਨ ਸਕੂਲ 'ਚ ਸਵਾਰ ਦੋ ਵਿਦਿਆਰਥੀ ਦੇ ਉੱਤੇ ਗਰਮ ਪਾਣੀ ਪੈ ਜਾਣ ਨਾਲ ਉਹ ਝੁਲਸ ਗਏ ਜਿਨ੍ਹਾਂ ਨੂੰ ਤੁਰਤ ਉਨ੍ਹਾਂ ਦੇ ਮਾਪਿਆਂ ਵਲੋਂ ਇਲਾਜ ਲਈ ਭੇਜ ਦਿਤਾ ਗਿਆ।

ਜਾਣਕਾਰੀ ਅਨੁਸਾਰ ਲੋਹਾ ਨਗਰੀ ਦੇ ਐਸ. ਡੀ. ਮਾਡਲ ਸਕੂਲ ਦੀ ਬੱਸ ਰੋਜ਼ਾਨਾ ਦੀ ਤਰ੍ਹਾਂ ਸਥਾਨਕ ਗਾਂਧੀ ਨਗਰ ਤੋਂ ਬੱਚੇ ਸਕੂਲ ਲਈ ਲੈ ਰਹੀ ਸੀ ਕਿ ਅਚਾਨਕ ਬੱਸ (ਨੰਬਰ ਪੀ.ਬੀ. 23 ਏਚ 0656) ਦਾ ਰੈਡੀਏਟਰ ਫੱਟ ਗਿਆ। ਜਿਸ ਨਾਲ ਖੌਲਦਾ ਹੋਇਆ ਗਰਮ ਪਾਣੀ ਇੰਜਨ ਦੀ ਸਾਇਡ 'ਤੇ ਬੈਠੇ ਜਮਾਤ ਤਿੰਨ ਤੇ ਦੋ ਦੇ ਵਿਦਿਆਰਥੀ ਗੁਰਸ਼ਾਨ ਸਿੰਘ (8) ਪੁੱਤਰ ਅਜੇ ਸਿੰਘ ਅਤੇ ਸ਼ਿਵ (7) ਪੁੱਤਰ ਬੰਟੀ ਦੋਨੋਂ ਨਿਵਾਸੀ ਗਾਂਧੀ ਨਗਰ, ਮੰਡੀ ਗੋਬਿੰਦਗੜ੍ਹ 'ਤੇ ਪੈ ਗਿਆ ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਏ। ਉਥੇ ਮੌਜੂਦ ਅਮਨ ਹਸਪਤਾਲ ਮੈਡੀਕਲ ਹਾਲ ਦੇ ਮਾਲਕ ਨੇ ਬੱਚਿਆਂ ਨੂੰ ਤੁਰਤ ਅਪਣੇ ਮੈਡੀਕਲ ਸਟੋਰ ਵਿਚ ਲੈ ਜਾ ਕੇ ਉਨ੍ਹਾਂ ਬੱਚਿਆਂ ਦੀ ਮਰਹਮ ਪੱਟੀ ਕੀਤੀ।

ਸਕੂਲ ਪ੍ਰਬੰਧਕ ਵਿਨੋਦ ਢੰਡ ਨੇ ਮਾਪਿਆਂ ਨੂੰ ਦਸਿਆ ਕਿ ਇਸ ਬੱਸ ਦਾ ਰੋਜ਼ਾਨਾ ਵਾਲਾ ਚਾਲਕ ਬੀਮਾਰ ਹੋਣ ਕਾਰਨ ਰੂਟ 'ਤੇ ਨਵਾਂ ਚਾਲਕ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਰੂਟ ਲਈ ਨਵੀਂ ਬੱਸ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਭਵਿੱਖ 'ਚ ਇਸ ਤਰ੍ਹਾਂ ਦੀ ਘਟਨਾ ਤੋਂ ਬਚਿਆ ਜਾ ਸਕੇ।