ਰਾਮਪੁਰਾ ਫੂਲ, 8
ਸਤੰਬਰ (ਕੁਲਜੀਤ ਸਿੰਘ ਢੀਂਗਰਾ) : ਸੌਦਾ ਸਾਧ ਦੇ ਪੰਜਾਬ ਵਿਚਲੇ ਸੱਭ ਤੋਂ ਵੱਡੇ ਡੇਰੇ
ਸਲਾਬਤਪੁਰਾ ਦੇ ਸੰਚਾਲਕ ਜ਼ੋਰਾ ਸਿੰਘ ਆਦਮਪੁਰਾ 'ਤੇ ਥਾਣਾ ਫੂਲ ਦੀ ਪੁਲਿਸ ਨੇ ਦੇਸ਼ ਧ੍ਰੋਹ
ਦਾ ਮੁਕੱਦਮਾ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਅੱਜ ਜ਼ੋਰਾ ਸਿੰਘ ਦਾ ਪੁਲਿਸ ਵਲੋਂ
ਇਕ ਦਿਨ ਦਾ ਅਦਾਲਤ ਫੂਲ ਤੋਂ ਰੀਮਾਂਡ ਲਿਆ ਗਿਆ ਅਤੇ ਭਰੋਸੇਯੋਗ ਸੂਤਰਾਂ ਅਨੁਸਾਰ ਜ਼ੋਰਾ
ਸਿੰਘ ਦੇ ਰੀਮਾਂਡ ਤੋਂ ਕਈ ਅਹਿਮ ਪ੍ਰਗਟਾਵੇ ਹੋਣ ਦੀ ਖਦਸ਼ੇ ਜਿਤਾਏ ਜਾ ਰਹੇ ਹਨ।
ਦਸਣਯੋਗ
ਹੈ ਕਿ ਲੰਘੀ 25 ਅਗੱਸਤ ਨੂੰ ਸੀ.ਬੀ.ਆਈ ਅਦਾਲਤ ਵਲੋਂ ਸੌਦਾ ਸਾਧ ਨੂੰ ਦੋਸ਼ੀ ਕਰਾਰ ਦਿਤੇ
ਜਾਣ ਤੋਂ ਬਾਅਦ ਡੇਰਾ ਸਮਰਥਕਾਂ ਨੇ ਸੌਦਾ ਸਾਧ ਵਲੋਂ ਦਿਤੇ ਕੋਡ 'ਟਮਾਟਰ ਤੋੜਨਾ' ਦੇ
ਆਧਾਰ 'ਤੇ ਪਿੰਡ ਭਾਈਰੂਪਾ ਦੇ ਹੀ ਕੁੱਝ ਵਿਅਕਤੀਆਂ ਨੇ ਭਾਈਰੂਪਾ ਵਿਖੇ ਸਥਾਪਤ ਸੇਵਾ
ਕੇਂਦਰ ਨੂੰ ਬੋਤਲ ਬੰਬ ਨਾਲ ਅੱਗ ਦੇ ਹਵਾਲੇ ਕਰ ਦਿਤਾ ਸੀ। ਪੁਲਿਸ ਸੂਤਰਾਂ ਅਨੁਸਾਰ ਇਸ
ਸਾਰੇ ਘਟਨਾਕ੍ਰਮ ਦੇ ਮਾਸਟਰ ਮਾਈਂਡ ਸਲਾਬਤਪੁਰਾ ਡੇਰੇ ਦੇ ਮੁਖੀ ਜ਼ੋਰਾ ਸਿੰਘ ਵਲੋਂ ਹੀ
ਦੰਗਾਕਾਰੀਆਂ ਨੂੰ ਕਿਹਾ ਗਿਆ ਸੀ ਕਿ ਜੇ ਫ਼ੈਸਲਾ ਬਾਬੇ ਦੇ ਵਿਰੋਧ ਵਿਚ ਆਇਆ ਤਾਂ ਸਾਡੇ
ਵਲੋਂ ਟਮਾਟਰ ਤੋੜਨਾ ਕੋਡ ਹੋਵੇਗਾ ਜਿਸ ਤਹਿਤ ਤੁਸੀਂ ਸਰਕਾਰੀ ਗ਼ੈਰਸਰਕਾਰੀ ਸੰਪਤੀ ਨੂੰ
ਨੁਕਸਾਨ ਪਹੁੰਚਾਉਣਾ ਹੋਵੇਗਾ ਅਤੇ ਇਸੇ ਤਹਿਤ ਭਾਈਰੂਪਾ ਦੇ ਸੇਵਾ ਕੇਂਦਰ ਨੂੰ ਕੁੱਝ
ਵਿਅਕਤੀਆਂ ਨੇ ਅੱਗ ਦੇ ਹਵਾਲੇ ਕਰ ਦਿਤਾ ਸੀ ਜਿਸ ਨਾਲ ਸੇਵਾ ਕੇਂਦਰ ਦੀ ਬਿਲਡਿੰਗ ਤੋਂ
ਇਲਾਵਾ ਸਰਕਾਰੀ ਰੀਕਾਰਡ ਵੀ ਮੱਚ ਗਿਆ ਸੀ।
ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਕਤ ਵਿਅਕਤੀ ਡੇਰਾ ਸਲਾਬਤਪੁਰਾ ਦੇ ਸੰਚਾਲਕ ਜ਼ੋਰਾ ਸਿੰਘ ਨੂੰ ਮਿਲ ਕੇ ਆਏ ਅਤੇ ਕਿਹਾ ਕਿ ਅਸੀਂ ਤਾਂ ਟਮਾਟਰ ਤੋੜ ਆਏ ਹਾਂ ਅਤੇ ਬਾਕੀ ਬਾਗ਼ ਦੀ ਰਾਖੀ ਤੁਹਾਡੇ ਹੱਥ ਹੈ। ਦਸਣਯੋਗ ਹੈ ਕਿ ਥਾਣਾ ਫੂਲ ਦੀ ਪੁਲਿਸ ਨੇ ਸੇਵਾ ਕੇਂਦਰ ਨੂੰ ਅੱਗ ਦੇ ਹਵਾਲੇ ਕਰਨ ਵਾਲੇ ਡੇਰਾ ਪ੍ਰੇਮੀਆਂ ਜਗਜੀਵਨ ਸਿੰਘ, ਸੁਖਵੀਰ ਸਿੰਘ, ਸੰਦੀਪ ਸਿੰਘ, ਇਕਬਾਲ ਸਿੰਘ, ਗੁਰਜੀਤ ਸਿੰਘ, ਬਲਜਿੰਦਰ ਸਿੰਘ, ਅਵਤਾਰ ਸਿੰਘ ਵਿਰੁਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਸੀ। (ਬਾਕੀ ਸਫ਼ਾ 7 'ਤੇ)
ਕਥਿਤ ਦੋਸ਼ੀ ਜਗਜੀਵਨ ਸਿੰਘ ਕੋਲੋਂ 2 ਪਟਰੌਲ ਬੰਬ, ਇਕ ਮੋਟਰ
ਸਾਈਕਲ ਬਰਾਮਦ ਹੋਇਆ ਹੈ। ਜਦਕਿ ਇਕਬਾਲ ਸਿੰਘ ਕੋਲੋਂ ਇਕ ਪਟਰੌਲ ਬੰਬ, ਮੋਟਰ ਸਾਈਕਲ ਅਤੇ
ਮੋਬਾਈਲ ਬਰਾਮਦ ਹੋਇਆ ਹੈ। ਜਦਕਿ ਇਸ ਮਾਮਲੇ ਦੀ ਸਾਜ਼ਸ਼ ਰਚਨ ਵਾਲਾ ਜ਼ੋਰਾ ਸਿੰਘ ਹੀ ਨਿਕਲਿਆ
ਜਿਸ ਨੂੰ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਥਾਣਾ ਫੂਲ ਦੇ ਐਸ.ਐਚ.ਓ ਭੁਪਿੰਦਰ
ਸਿੰਘ ਨੇ ਦਸਿਆ ਕਿ ਜ਼ੋਰਾ ਸਿੰਘ ਨੂੰ ਉਕਤ ਕੇਸ ਵਿਚ ਨਾਮਜ਼ਦ ਕਰ ਕੇ ਦੇਸ਼ ਧ੍ਰੋਹ ਦਾ
ਮੁਕੱਦਮਾ ਦਰਜ ਕੀਤਾ ਹੈ। ਅਦਾਲਤ ਵਿਚ ਜ਼ੋਰਾ ਸਿੰਘ ਨੂੰ ਪੇਸ਼ ਕਰਨ ਤੋਂ ਬਾਅਦ ਇਕ ਦਿਨ ਲਈ
ਪੁਲਿਸ ਰੀਮਾਂਡ ਲਿਆ ਗਿਆ ਅਤੇ ਪੁਲਿਸ ਪੁੱਛਗਿੱਛ ਕਰਨ ਤੋਂ ਬਾਅਦ ਹੋਰ ਵੀ ਪ੍ਰਗਟਾਵੇ
ਸਾਹਮਣੇ ਆ ਸਕਦੇ ਹਨ। ਇਸ ਮਾਮਲੇ ਵਿਚ ਹੁਣ ਤਕ 7 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।