ਜਲਾਲਾਬਾਦ/ਫ਼ਾਜ਼ਿਲਕਾ, 30
ਅਗੱਸਤ (ਕੁਲਦੀਪ ਸਿੰਘ ਬਰਾੜ, ਵਿਨੀਤ ਅਰੋੜਾ): ਅਬੋਹਰ ਸੈਕਟਰ ਦੀ ਆਊਟ ਪੋਸਟ ਸ਼ਮਸ਼ਕੇ
ਨੇੜੇ ਬੀ ਐਸ ਐਫ਼ ਦੀ ਬਟਾਲੀਅਨ-2 ਨੇ 10.740 ਕਿਲੋਗ੍ਰਾਮ ਹੈਰੋਇਨ ਫ਼ੜਨ ਵਿਚ ਸਫ਼ਲਤਾ
ਹਾਸਲ ਕੀਤੀ ਹੈ ਜਿਸ ਦੀ ਕੌਮੀ ਬਾਜ਼ਾਰ ਵਿਚ ਕੀਮਤ 50 ਕਰੋੜ ਦੇ ਕਰੀਬ ਹੈ।
ਬੀ ਐਸ ਐਫ਼
ਸੈਕਟਰ ਫਲੀਆਂ ਵਾਲਾ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਆਈਜੀ ਮਧੂ ਸੂਦਨ ਨੇ ਦਸਿਆ ਕਿ
ਸੀਮਾ ਪੱਟੀ 'ਤੇ ਜਵਾਨ ਬਿਲਕੁਲ ਅਲਰਟ ਹਨ ਅਤੇ ਅਬੋਹਰ ਸੈਕਟਰ ਦੀ ਆਊਟ ਪੋਸਟ ਸ਼ਮਸ਼ਕੇ
(ਗੁਰੂਹਰਸਹਾਏ) ਨੇੜੇ ਤਸਕਰਾਂ ਵਲੋਂ ਖ਼ਰਾਬ ਮੌਸਮ ਦਾ ਫਾਇਦਾ ਉਠਾਉਂਦੇ ਹੋਏ ਹੈਰੋਇਨ ਨੂੰ
ਭਾਰਤ ਸੀਮਾ ਵਿਚ ਦਾਖ਼ਲ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਕੋਸ਼ਿਸ਼ ਨੂੰ ਬੀ ਐਸ ਐਫ਼ ਦੀਆਂ
ਬਟਾਲੀਅਨ-2 ਦੇ ਜਵਾਨਾਂ ਨੇ ਨਾਕਾਮ ਕਰ ਦਿਤਾ। ਮੌਕੇ ਤੋਂ 10 ਪੈਕੇਟ ਹੈਰੋਇਨ (10.740
ਕਿਲੋਗ੍ਰਾਮ) ਫੜ੍ਹਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਡੀ ਆਈ ਜੀ ਨੇ ਦਸਿਆ ਕਿ ਅਕਸਰ ਹੀ
ਖ਼ਰਾਬ ਮੌਸਮ ਦੇ ਦਿਨਾਂ ਵਿਚ ਤਸਕਰਾਂ ਵਲੋਂ ਹੈਰੋਇਨ ਨੂੰ ਭਾਰਤ ਵਿਚ ਦਾਖ਼ਲ ਕਰਵਾਉਣ ਦੀਆਂ
ਸਾਜਸ਼ਾਂ ਚੱਲੀਆਂ ਜਾਂਦੀਆਂ ਹਨ ਅਤੇ 30 ਅਗੱਸਤ ਨੂੰ ਵੀ ਖ਼ਰਾਬ ਮੌਸਮ ਦਾ ਫਾਇਦਾ ਉਠਾ ਕੇ
ਤਸਕਰਾਂ ਨੇ 10 ਪੈਕੇਟ ਹੈਰੋਇਨ ਭਾਰਤੀ ਸੀਮਾ ਵਿਚ ਦਾਖ਼ਲ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਬੀ
ਐਸ ਐਫ਼ ਦੇ ਜਵਾਨਾਂ ਨੇ ਇਸ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦਿਤਾ। ਇਸ ਮੌਕੇ ਉਨ੍ਹਾਂ
ਨਾਲ ਕਮਾਂਡੈਂਟ ਹਰਿੰਦਰਪਾਲ ਸਿੰਘ ਸੋਈ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਸਨ।