ਸੜਕ ਹਾਦਸੇ 'ਚ ਔਰਤ ਸਮੇਤ ਚਾਰ ਦੀ ਮੌਤ

ਖ਼ਬਰਾਂ, ਪੰਜਾਬ

ਜਲੰਧਰ, 5 ਦਸੰਬਰ (ਵਿਜੈ ਕੁਮਾਰ) : ਜਲੰਧਰ ਦਿਹਾਤੀ ਪੁਲਿਸ ਥਾਣਾ ਮਕਸੂਦਾ ਦੇ ਅਧੀਨ ਆਉਂਦੇ ਸਮਸਤਪੁਰ ਦੇ ਨੇੜੇ ਇਕ ਤੇਜ਼ ਰਫ਼ਤਾਰ ਕਾਲੇ ਰੰਗ ਦੀ ਟਾਟਾ ਸਫ਼ਾਰੀ ਨੰ. ਪੀ ਬੀ-15-ਈ-1313 ਬੇਕਾਬੂ ਹੋ ਕੇ ਡਿਵਾਈਡਰ ਤੋੜਦੇ ਹੋਏ ਟਰੱਕ ਨਾਲ ਟਕਰਾਉੁਣ ਨਾਲ ਇਕ ਔਰਤ ਸਮੇਤ ਤਿਨਾਂ ਨੌਜਵਾਨਾਂ ਦੀ ਮੌਤ ਹੋ ਗਈ ਤੇ ਇਕ ਲੜਕੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ, ਜਿਸ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਥਾਣਾ ਮਕਸੂਦਾ ਦੇ ਏਐਸਆਈ ਰਘੁਨਾਥ ਸਿੰਘ ਨੇ ਦਸਿਆ ਕਿ ਹਾਦਸੇ 'ਚ ਮ੍ਰਿਤਕਾਂ ਦੀ ਪਛਾਣ ਗੁਰਇਕਬਾਲ ਸਿੰਘ ਵਾਸੀ ਪਿੰਡ ਮਾਨਪੁਰ, ਜਤਿੰਦਰ ਵਾਸੀ ਟਾਂਡਾ, ਆਸ਼ਾ ਪੁਤਰੀ ਜੀਤ ਰਾਮ ਨਿਵਾਸੀ ਅਬਾਦੀ ਕੋਟ ਰਾਮ ਦਾਸ ਜਲੰਧਰ ਵਜੋਂ ਹੋਈ ਹੈ। ਹਾਦਸੇ ਵਿਚ ਜ਼ਖ਼ਮੀ ਲੜਕੀ ਦੀ ਪਛਾਣ ਰੂਬੀ ਪੁਤਰੀ ਰਾਜ ਕੁਮਾਰ ਵਾਸੀ ਸੰਤੋਖਪੁਰਾ ਜਲੰਧਰ ਵਜੋਂ ਹੋਈ ਹੈ। ਹਾਦਸੇ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਭੰਗੜਾ ਗਰੁੱਪ ਦੇ ਮੈਂਬਰ ਸਨ ਜੋ ਕਿ ਪਠਾਨਕੋਟ ਵਿਚ ਇਕ ਵਿਆਹ 'ਤੇ ਹਿਸਾ ਲੈਣ ਉਪਰੰਤ ਵਾਪਸ ਆ ਰਹੇ ਸਨ। ਉਨ੍ਹਾਂ ਦੀ ਟਾਟਾ ਸਫ਼ਾਰੀ ਬੇ ਕਾਬੂ ਹੋ ਕੇ ਇਕ ਟਰਕ ਨੰ ਪੀ ਬੀ-13-ਏਬੀ-4528 ਜੋ ਕਿ ਜਲੰਧਰ ਤੋ ਭੋਗਪੁਰ ਵਲ ਜਾ ਰਿਹਾ ਸੀ ਵਿਚ ਜਾ ਵੱਜੀ। ਹਾਦਸੇ 'ਚ ਟਾਟਾ ਸਫਾਰੀ ਗੱਡੀ ਦੇ ਪਰਖਚੇ ਉੱਡ ਗਏ। ਟਰੱਕ ਚਾਲਕ ਬੇਕਸੂਰ ਹੋਣ ਦੇ ਬਾਵਜੂਦ ਟਰੱਕ ਛੱਡ ਕੇ ਮੌਕੇ ਤੋਂ ਦੌੜ ਗਿਆ। ਪੁਲਿਸ ਨੇ ਵਾਹਨਾਂ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ਾ ਪਰਵਾਰਾਂ ਦੇ ਹਵਾਲੇ ਕਰ ਦਿਤੀਆਂ।