ਸੜਕ ਹਾਦਸੇ 'ਚ ਇਕੋ ਪਰਵਾਰ ਦੇ ਤਿੰਨ ਜੀਅ ਹਲਾਕ, ਇਕ ਜ਼ਖ਼ਮੀ

ਖ਼ਬਰਾਂ, ਪੰਜਾਬ


ਖਰੜ, 1 ਅਕਤੂਬਰ (ਹਰਵਿੰਦਰ ਕੌਰ, ਵਿਸ਼ਾਲ ਨਾਗਪਾਲ): ਖਰੜ ਲੁਧਿਆਣਾ ਮਾਰਗ 'ਤੇ ਸਥਿਤ ਪਿੰਡ ਰੁੜਕੀ ਵਿਖ਼ੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ ਪਿਉ-ਪੁੱਤ ਅਤੇ ਪਰਵਾਰ ਦੀ ਇਕ ਸਾਲਾ ਬੱਚੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਰਨੇਕ ਸਿੰਘ (45), ਉਸ ਦਾ ਪੁੱਤਰ ਰਵਿੰਦਰ ਸਿੰਘ (23) ਅਤੇ ਮਨਦੀਪ ਕੌਰ (1 ਸਾਲ) ਵਜੋਂ ਹੋਈ ਹੈ ਜਦੋਂ ਕਿ ਕਾਰ ਵਿਚ ਹੀ ਸਵਾਰ ਮ੍ਰਿਤਕ ਰਵਿੰਦਰ ਸਿੰਘ ਦੀ ਪਤਨੀ ਸੁਮਨ ਗੰਭੀਰ ਜ਼ਖ਼ਮੀ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪਰਵਾਰ ਮੋਹਾਲੀ  (ਬਾਕੀ ਸਫ਼ਾ 11 'ਤੇ)
ਦੇ ਪਿੰਡ ਮਟੌਰ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਅਪਣੇ ਘਰ ਪਰਤ ਰਿਹਾ ਸੀ ਕਿ ਇਸ ਦੌਰਾਨ ਪਿੰਡ ਰੁੜਕੀ ਵਿਖੇ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ।

ਹਾਦਸੇ ਦੀ ਸੂਚਨਾ ਮਿਲਦੇ ਹੀ ਹਾਈਵੇ ਪੈਟ੍ਰੋਲਿੰਗ ਟੀਮ, ਘੜੂੰਆਂ ਪੁਲਿਸ ਅਤੇ 108 ਐਂਬੂਲੈਂਸ ਤੁਰਤ ਮੌਕੇ 'ਤੇ ਪੁੱਜ ਗਏ ਅਤੇ ਜ਼ਖ਼ਮੀਆਂ ਨੂੰ ਕਾਫ਼ੀ ਜਦੋਂ ਜਹਿਦ ਕਰ ਕੇ ਕਾਰ ਵਿਚੋਂ ਕਢਿਆ ਅਤੇ ਸਿਵਲ ਹਸਪਤਾਲ ਖਰੜ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਹਰਨੇਕ ਸਿੰਘ ਅਤੇ ਉਸ ਦੇ ਪੁੱਤਰ ਰਵਿੰਦਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਅਤੇ ਰਵਿੰਦਰ ਸਿੰਘ ਦੀ ਪਤਨੀ ਸੁਮਨ ਅਤੇ ਉਸ ਦੀ ਇਕ ਸਾਲਾ ਬੇਟੀ ਮਨਦੀਪ ਨੂੰ ਗੰਭੀਰ ਜ਼ਖਮੀ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿਤਾ ਜਿਥੇ ਛੋਟੀ ਬੱਚੀ ਮਨਦੀਪ ਕੌਰ ਨੇ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਦਿਤਾ ਜਦੋਂ ਕਿ ਸੁਮਨ ਦੀ ਹਾਲਤ ਅਜੇ ਵੀ ਗੰਭੀਰ ਦਸੀ ਜਾ ਰਹੀ ਹੈ। ਪੁਲਿਸ ਅਨੁਸਾਰ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।