ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ

ਖ਼ਬਰਾਂ, ਪੰਜਾਬ



ਕੋਟਕਪੂਰਾ, 14 ਸਤੰਬਰ (ਗੁਰਿੰਦਰ ਸਿੰਘ) : ਅੱਜ ਸਵੇਰੇ ਕਰੀਬ 9:30 ਵਜੇ ਕੋਟਕਪੂਰਾ-ਮੁਕਤਸਰ ਸੜਕ 'ਤੇ ਵਾਪਰੇ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਦੁਖਦਾਇਕ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ 19 ਸਾਲਾ ਨੌਜਵਾਨ ਮਨਿੰਦਰ ਕੁਮਾਰ ਅਪਣੇ 16 ਸਾਲਾ ਦੋਸਤ ਧੀਰਜ ਕੁਮਾਰ ਅਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੈਸ ਸਿਲੰਡਰ ਲੈਣ ਲਈ ਜਾ ਰਿਹਾ ਸੀ ਕਿ ਜਦੋਂ ਉਹ ਇੰਡੇਨ ਗੈਸ ਸਰਵਿਸ ਦੇ ਮੁਕਤਸਰ ਸੜਕ 'ਤੇ ਸਥਿਤ ਗੋਦਾਮ ਨੇੜੇ ਪੁੱਜੇ ਤਾਂ ਮੁਕਤਸਰ ਵਾਲੇ ਪਾਸਿਉਂ ਆਉਂਦੀ ਗੰਗਾਨਗਰ ਤੋਂ ਚੰਡੀਗੜ੍ਹ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟਕਰਾਉਣ ਉਪਰੰਤ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪ੍ਰਤੱਖਦਰਸ਼ੀਆਂ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਮੋਟਰਸਾਈਕਲ ਨੂੰ ਘੜੀਸਦੀ ਹੋਈ ਕਾਫ਼ੀ ਦੂਰ ਲੈ ਗਈ ਅਤੇ ਅੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਤਫ਼ਤੀਸ਼ੀ ਅਫ਼ਸਰ ਏਐਸਆਈ ਗੁਰਵਿੰਦਰ ਸਿੰਘ ਭਲਵਾਨ ਅਨੁਸਾਰ ਹੁਕਮ ਚੰਦ ਦੇ ਬਿਆਨਾਂ ਦੇ ਆਧਾਰ 'ਤੇ ਬੱਸ ਚਾਲਕ ਸੁਰਜੀਤ ਸਿੰਘ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ ਜਦਕਿ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿਤੀਆਂ ਗਈਆਂ ਹਨ।