ਸੜਕ ਹਾਦਸੇ ਵਿਚ ਤਿੰਨ ਵਿਦਿਆਰਥੀਆਂ ਦੀ ਮੌਤ

ਖ਼ਬਰਾਂ, ਪੰਜਾਬ


ਨੂਰਮਹਿਲ, 8 ਸਤੰਬਰ (ਸੰਜੀਵ ਅਨਮੋਲ): ਜਲੰਧਰ ਜ਼ਿਲ੍ਹੇ ਦੇ ਕਸਬਾ ਨੂਰਮਹਿਲ ਨੇੜੇ ਅੱਜ ਦੁਪਹਿਰੇ ਵਾਪਰੇ ਦਰਦਨਾਕ ਹਾਦਸੇ ਵਿਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਹਾਦਸਾ ਪੰਜਾਬ ਰੋਡਵੇਜ਼ ਬੱਸ ਅਤੇ ਮੋਟਰਸਾਈਕਲ ਦਰਮਿਆਨ ਵਾਪਰਿਆ। ਮ੍ਰਿਤਕਾਂ ਦੀ ਪਹਿਚਾਣ ਅਜੇ  ਕੁਮਾਰ, ਹਰਪ੍ਰੀਤ ਤੇ ਜਸਵਿੰਦਰ ਹੋਈ ਹੈ।

ਜਾਣਕਾਰੀ ਅਨੁਸਾਰ ਤਿੰਨੇ ਨੌਜਵਾਨ ਪੀਟੀਐਮ ਆਰੀਆ ਕਾਲਜ ਦੇ ਵਿਦਿਆਰਥੀ ਸਨ। ਕਾਲਜ ਤੋਂ ਪਿੰਡ ਤਲਵਣ ਨੂੰ ਵਾਪਸ ਮੋਟਰਸਾਈਕਲ 'ਤੇ ਜਾ ਰਹੇ ਸਨ ਤਾਂ ਪਿੰਡ ਕੰਦੋਲਾ ਕਲਾਂ ਨੇੜੇ ਤਲਵਣ ਵਾਲੇ ਪਾਸਿਉਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦੀ ਚਪੇਟ ਵਿਚ ਆ ਗਏ।

ਮ੍ਰਿਤਕ ਨੌਜਵਾਨ  ਜਸਵਿੰਦਰ ਕਬੱਡੀ ਦਾ ਵਧੀਆ ਖਿਡਾਰੀ ਸੀ। ਹਾਦਸੇ ਵਿਚ ਮਾਰੇ ਗਏ ਦੋ ਨੌਜਵਾਨ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਨੌਜਵਾਨ ਵਿਦਿਆਰਥੀਆਂ ਦੀ ਇਸ ਬੇਵਕਤ ਮੌਤ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ । ਇਸ ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਮਹਿੰਦਰ ਪਾਲ ਨੇ ਦਸਿਆ ਕਿ ਨੂਰਮਹਿਲ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਜਸਵੰਤ ਘੋਗੀ ਦੇ ਬਿਆਨਾਂ 'ਤੇ ਬੱਸ ਡਰਾਈਵਰ ਵਿਰੁਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।