ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਚੱਲ ਰਹੇ ਵਿਧਾਨ ਸਭਾ ਸਮਾਗਮ ਨੂੰ ਕਾਂਗਰਸ ਸਰਕਾਰ ਦੇ ਹੋਰ ਛੋਟਾ ਕਰਨ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਕਿ ਇਹ ਸਾਰੇ ਫਰੰਟਾਂ ਉਤੇ ਆਪਣੀਆਂ ਨਾਕਾਮੀਆਂ ਬਾਰੇ ਜਵਾਬ ਦੇਣ ਦੀ ਥਾਂ ਬਹਿਸ ਤੋਂ ਭੱਜ ਰਹੀ ਹੈ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਚੱਲ ਰਹੇ ਵਿਧਾਨ ਸਭਾ ਸਮਾਗਮ ਦਾ ਸਮਾਂ 3 ਤੋਂ ਘਟਾ ਕੇ 2 ਦਿਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸਪੀਕਰ ਨੂੰ ਇਕ ਮੈਮੋਰੰਡਮ ਦੇ ਕੇ ਹੰਗਾਮੀ ਮੁੱਦਿਆਂ ਉਤੇ ਚਰਚਾ ਕਰਨ ਲਈ ਸਰਦ ਰੁੱਤ ਸਮਾਗਮ ਨੂੰ ਵੱਡਾ ਕਰਨ ਦੀ ਮੰਗ ਕੀਤੀ ਸੀ ਤੇ ਸਪੀਕਰ ਨੇ ਇਸ ਬਾਰੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਸ ਅਸੈਂਬਲੀ ਦੀ ਬਿਜ਼ਨੈੱਸ ਸਲਾਹਕਾਰ ਕੌਂਸਲ, ਜਿਸ ਵਿਚ ਸਾਰੇ ਕਾਂਗਰਸੀ ਮੈਂਬਰ ਹਨ, ਨੇ ਸਮਾਗਮ ਦੀਆਂ ਬੈਠਕਾਂ ਦੀ ਗਿਣਤੀ ਘੱਟ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਅਕਾਲੀ ਦਲ ਵੱਲੋਂ ਪੇਸ਼ ਕੀਤੇ ਕਿਸੇ ਵੀ ਮੁੱਦੇ ਉਤੇ ਵਿਚਾਰ ਚਰਚਾ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਅਜਿਹਾ ਲੋਕਤੰਤਰ ਵਿਰੋਧੀ ਵਤੀਰਾ ਕਿਸੇ ਵੀ ਜ਼ਿੰਮੇਵਾਰ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਮਾਗਮ ਨੂੰ ਛੋਟਾ ਕਰਨ ਦੇ ਮੁੱਦੇ ਉਤੇ ਅਕਾਲੀ-ਭਾਜਪਾ ਗਠਜੋੜ ਨਾਲ ਵਿਚਾਰ ਚਰਚਾ ਤਕ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਆਪ ਹੁਦਰੇ ਢੰਗ ਨਾਲ ਸਰਦ ਰੁੱਤ ਸਮਾਗਮ ਨੂੰ ਛੋਟਾ ਕਰਨ ਦਾ ਫੈਸਲਾ ਲੈਣ ਵਾਲੀ ਬਿਜ਼ਨੈੱਸ ਐਡਵਾਈਜ਼ਰੀ ਕੌਂਸਲ ਦੀ ਮੀਟਿੰਗ ਵਿਚ ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ ਨੂੰ ਸਿਰਫ ਇਕ ਵਿਸ਼ੇਸ਼ ਇਨਵਾਈਟੀ ਵਜੋਂ ਬੁਲਾਇਆ ਗਿਆ ਸੀ। ਬਾਦਲ ਨੇ ਕਿਹਾ ਕਿ ਲੋਕਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਦੀ ਆਵਾਜ਼ ਨੂੰ ਦਬਾਉਣ ਦੀਆਂ ਅਜਿਹੀਆਂ ਨੰਗੀਆਂ-ਚਿੱਟੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਕਾਲੀ ਦਲ ਇਸ ਸਮਾਗਮ ਵਿਚ ਲਗਾਤਾਰ ਸਰਕਾਰ ਦਾ ਪਰਦਾਫਾਸ਼ ਕਰੇਗਾ ਅਤੇ ਲੋਕਾਂ ਦੇ ਮੁੱਦਿਆਂ ਨੂੰ ਉਠਾਏਗਾ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦਿਆਂਗੇ ਅਤੇ ਉਸ ਨੂੰ ਪੁੱਛਾਂਗੇ ਕਿ ਇਸ ਨੇ ਪੰਜਾਬੀਆਂ ਨਾਲ ਧੋਖਾ ਅਤੇ ਵਿਸ਼ਵਾਸਘਾਤ ਕਿਉਂ ਕੀਤਾ ਅਤੇ ਇਹ ਹਰ ਫਰੰਟ ਉਤੇ ਨਾਕਾਮ ਕਿਉਂ ਸਾਬਿਤ ਹੋਈ?