ਸਰਕਾਰੀ ਹਸਪਤਾਲ 'ਚ ਗਰਭਵਤੀ ਔਰਤ ਦੀ ਮੌਤ ਦਾ ਮਾਮਲਾ : ਚੰਡੀਗੜ੍ਹ ਸਿਹਤ ਵਿਭਾਗ ਟੀਮ ਨੇ ਕੀਤੀ ਜਾਂਚ

ਖ਼ਬਰਾਂ, ਪੰਜਾਬ

ਅਬੋਹਰ, 5 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ): ਸਰਕਾਰੀ ਹਸਪਤਾਲ ਵਿਚ ਪਿੰਡ ਖੁਈਆਂ ਸਰਵਰ ਵਾਸੀ ਇਕ ਗਰਭਵਤੀ ਦੀ ਬੱਚਾ ਹੋਣ ਦੇ ਬਾਅਦ ਹੋਈ ਮੌਤ ਦੇ ਮਾਮਲੇ ਵਿਚ ਅੱਜ ਸਿਹਤ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਕ ਸਰਕਾਰੀ ਹਸਪਤਾਲ ਵਿਚ ਪਹੁੰਚੇ ਅਤੇ ਮ੍ਰਿਤਕ ਔਰਤ ਦੇ ਪਰਵਾਰ ਅਤੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਬਿਆਨ ਕਲਮਬੱਧ ਕੀਤੇ।
ਮਿਲੀ ਜਾਣਕਾਰੀ ਅਨੁਸਾਰ 16 ਅਗੱਸਤ ਨੂੰ ਸਰਕਾਰੀ ਹਸਪਤਾਲ ਵਿਚ ਡਾਕਟਰ ਅਤੇ ਸਟਾਫ਼ ਨਰਸ ਦੀ ਲਾਪ੍ਰਵਾਹੀ ਦੇ ਚਲਦਿਆਂ ਖੁਈਆਂ ਸਰਵਰ ਵਾਸੀ ਅਤੇ ਕਾਮਰੇਡ ਗੁਰਮੇਜ ਗੇਜੀ ਦੀ ਨੂੰਹ ਸੁਖਵਿੰਦਰ ਕੌਰ ਦੀ ਬੱਚਾ ਹੋਣ ਦੇ ਕੁੱਝ ਸਮੇਂ ਬਾਅਦ ਹੀ ਮੌਤ ਹੋ ਗਈ ਸੀ । ਇਸ ਘਟਨਾ ਵਿਚ ਹਸਪਤਾਲ ਡਾਕਟਰਾਂ, ਸਟਾਫ਼ ਤੇ ਲਾਵ੍ਰਪਾਹੀ ਵਰਤਣ ਦਾ ਦੋਸ਼ ਲਗਾਏ ਜਾਣ ਦੇ ਬਾਅਦ ਮ੍ਰਿਤਕ ਦੇ ਪਰਵਾਰ ਨੇ ਤਿੰਨ ਦਿਨਾਂ ਤਕ ਹਸਪਤਾਲ ਵਿਚ ਧਰਨਾ ਲਗਾਏ ਰੱਖਿਆ ਜਿਸ ਦੇ ਚਲਦਿਆਂ ਹਸਪਤਾਲ ਵਿਚ ਕੰਮਕਾਰ ਠੱਪ ਰਿਹਾ। ਸਿਵਲ ਅਤੇ ਪ੍ਰਬੰਧਕੀ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਹਸਪਤਾਲ ਦੇ ਡਾਕਟਰ ਸੁਰੇਸ਼ ਕੁਮਾਰ ਅਤੇ ਸਟਾਫ਼ ਨਰਸ ਕਲਪਨਾ ਦਾ ਤਬਾਦਲਾ ਕਰ ਦਿਤਾ ਸੀ । ਇਸ ਮਾਮਲੇ ਵਿਚ ਸਿਹਤ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਦੇ ਆਦੇਸ਼ਾਂ 'ਤੇ ਅੱਜ ਚੰਡੀਗੜ੍ਹ ਤੋਂ ਦੋ ਮਹਿਲਾ ਅਧਿਕਾਰੀ ਅਤੇ ਇਕ ਹੋਰ ਅਧਿਕਾਰੀ ਸਰਕਾਰੀ ਹਸਪਤਾਲ ਵਿਚ ਪਹੁੰਚੇ ਅਤੇ ਹਸਪਤਾਲ ਦੇ ਡਾਕਟਰਾਂ ਤੋਂ ਇਕ ਬੰਦ ਕਮਰੇ ਵਿਚ ਗੱਲਬਾਤ ਕੀਤੀ । ਇਸ ਦੌਰਾਨ ਕਿਸੇ ਮੀਡੀਆ ਕਰਮੀ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿਤੀ ਗਈ । ਹਾਲਾਂਕਿ ਮੌਕੇ 'ਤੇ ਮੌਜੂਦ ਮ੍ਰਿਤਕਾ ਸੁਖਵਿੰਦਰ ਕੌਰ ਦੇ ਪਤੀ ਰਾਜ ਕੁਮਾਰ ਅਤੇ ਉਸ ਦੀ ਚਾਚੀ ਸੱਸ ਚਰਨਜੀਤ ਕੌਰ ਦੇ ਬਿਆਨ ਕਲਮਬੱਧ ਕੀਤੇ ਗਏ ਜਿਸ ਵਿਚ ਉਨ੍ਹਾਂ ਨੇ ਡਾਕਟਰਾਂ ਦੀ ਲਾਪ੍ਰਵਾਹੀ ਦੀ ਗੱਲ ਅਧਿਕਾਰੀਆਂ ਸਾਹਮਣੇ ਰੱਖੀ ।
ਇਸ ਮੌਕੇ ਕਾਮਰੇਡ ਰਾਮਰਾਜ, ਰਾਮ ਕਮਾਰ, ਜਗਰੂਪ ਸਿੰਘ, ਗੁਰਮੇਜ ਗੇਜੀ, ਲਖਬੀਰ ਭੁੱਲਰ, ਜੱਗਾ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ, ਪ੍ਰਗਟ ਸਿੰਘ ਨੇ ਅਧਿਕਾਰੀਆਂ ਨੂੰ ਹਸਪਤਾਲ ਵਿਚ ਫੈਲੇ ਭ੍ਰਿਸ਼ਟਾਚਾਰ  ਸਬੰਧੀ ਜਾਣੂ ਕਰਵਾਇਆ। ਮ੍ਰਿਤਕਾ ਦੇ ਪਰਵਾਰ ਨੇ ਚੇਤਾਵਨੀ ਭਰੇ ਸ਼ਬਦਾਂ ਵਿਚ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਲਦੀ ਇਨਸਾਫ਼ ਨਹੀਂ ਦਿਤਾ ਗਿਆ ਤਾਂ ਉਹ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ। ਬੀਤੇ ਮਹੀਨੇ ਹਸਪਤਾਲ ਵਿਚ ਗਰਭ ਦੌਰਾਨ ਰਮਨਦੀਪ ਕੌਰ ਦੀ ਮੌਤ ਦੇ ਮਾਮਲੇ ਵਿਚ ਅੱਜ ਤਕ ਪਰਵਾਰ ਨੂੰ ਇਨਸਾਫ਼ ਨਹੀਂ ਮਿਲ ਪਾਇਆ ਹੈ। ਹਾਲਾਂਕਿ ਇਸ ਮਾਮਲੇ ਦੀ ਜਾਂਚ ਵੀ ਸਿਹਤ ਵਿਭਾਗ ਦੀ ਨਿਰਦੇਸ਼ਕ ਸਿਹਤ ਵਿਭਾਗ ਦੇ ਉੱਚ ਆਧਿਕਾਰੀਆਂ ਨੇ ਕੀਤੀ ਸੀ ਜਿਸ ਵਿਚ ਮ੍ਰਿਤਕਾ ਦੇ ਪਰਵਾਰ ਸਣੇ ਹਸਪਤਾਲ ਵਿਚ ਕਰੀਬ ਇਕ ਦਰਜਨ ਡਾਕਟਰਾਂ ਸਟਾਫ਼ ਦੇ ਬਿਆਨ ਕਲਮਬੱਧ ਕੀਤੇ ਗਏ ਸਨ । ਛੇ ਮਹੀਨੇ ਬੀਤ ਜਾਣ ਦੇ ਬਾਅਦ ਵੀ ਮ੍ਰਿਤਕਾ ਦੇ ਪਰਵਾਰ ਨੂੰ ਹਾਲੇ ਤਕ ਇਨਸਾਫ਼ ਨਹੀਂ ਮਿਲ ਪਾਇਆ।