ਅੰਮ੍ਰਿਤਸਰ, 1 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਸਰਕਾਰ ਵਲੋਂ ਅਕਾਲੀ ਭਾਜਪਾ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਇੱਕ ਸਿੱਖ ਬੁੱਧੀਜੀਵੀਆ ਦੇ ਵਫਦ ਨੇ ਮੁਲਾਕਾਤ ਕਰਕੇ ਕਈ ਪਹਿਲੂਆ ਤੇ ਵਿਚਾਰ ਚਰਚਾ ਕੀਤੀ, ਜਿਸ ਵਿਚ ਮੰਗ ਕੀਤੀ ਕਿ ਇਸ ਸੰਬੰਧੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਲਦ ਸੌਂਪੀ ਜਾਵੇ। ਸ੍ਰ ਸਰਨਾ ਦੀ ਜਸਟਿਸ ਰਣਜੀਤ ਸਿੰਘ ਨਾਲ ਦੋ ਘੰਟੇ ਹੋਈ ਮੁਲਾਕਾਤ ਵਿਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਸਾਂਝੇ ਕੀਤੇ ਗਏ। ਸਰਨਾ ਨੇ ਬਰਗਾੜੀ ਕਾਂਡ ਦੇ ਦੋਸ਼ੀਆ ਦੀ ਸ਼ਨਾਖਤ ਕਰਨ ਦੇ ਨਾਲ ਨਾਲ ਇਹ ਵੀ ਜਾਂਚ ਕੀਤੀ ਜਾਵੇ ਕਿ ਗੋਲੀ ਚਲਾਉਣ ਦੇ ਹੁਕਮ ਕਿਸੇ ਪੁਲੀਸ ਅਧਿਕਾਰੀ ਤੇ ਸਿਆਸੀ ਆਗੂ ਨੇ ਦਿੱਤੇ। ਬਰਗਾੜੀ ਕਾਂਡ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਿੱਚ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਸਨ ਤੇ ਕਾਂਡ ਨੂੰ ਅੰਜ਼ਾਮ ਦੇਣ ਦੀ ਸਾਜਿਸ਼ ਕਿਸ ਨੇ ਰਚਾਈ ਸੀ। 8-9 ਮਹੀਨਿਆ ਦੀ ਕੜੀ ਮਿਹਨਤ ਉਪਰੰਤ ਰਿਪੋਰਟ ਜਲਦ ਤਿਆਰ ਹੋਣ ਦੇ ਆਸਾਰ ਹਨ ਪਰ ਸ਼੍ਰੋਮਣੀ ਕਮੇਟੀ ਦਾ ਜਸਟਿਸ ਰਣਜੀਤ ਸਿੰਘ ਨੂੰ ਸਹਿਯੋਗ ਨਾ ਦੇਣਾ ਸਾਬਤ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿੱਚ ਹੈ। ਸ੍ਰ ਸਰਨਾ ਮੁਤਾਬਕ ਜਸਟਿਸ ਸਾਹਿਬ ਨੂੰ ਜਦੋ ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਨੂੰ ਜਾਣਕਾਰੀ ਦੇਣ ਦਾ ਭਰੋਸਾ ਦਿੱਤਾ ਕਿ ਉਹ ਜੇਕਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਸ਼੍ਰੋਮਣੀ ਕਮੇਟੀ ਤਿਆਰ ਹੈ ਪਰ ਜਦੋਂ ਉਹ ਦਿੱਤੇ ਸਮੇਂ ਅਨੁਸਾਰ ਪੁੱਜੇ ਤਾਂ ਉਹ ਸਵੇਰੇ 10 ਵਜੇ ਤੋ ਲੈ ਕੇ 12 ਵਜੇ ਤੱਕ ਉਡੀਕ ਕਰਦੇ ਰਹੇ ਪਰ
ਕੋਈ ਜਾਣਕਾਰੀ ਦੇਣ ਲਈ ਨਾ ਪੁੱਜਾ ਤਾਂ ਫਿਰ ਉਨ੍ਹਾਂ ਨੇ ਕਾਇਦੇ ਅਨੁਸਾਰ ਜਾਂਚ ਵਿੱਚ ਸ਼ਾਮਲ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਸਕੱਤਰ ਨੂੰ ਸੰਮਨ ਜਾਰੀ ਕੀਤੇ ਸਨ ਜਿੰਨ੍ਹਾਂ ਬਾਰੇ ਇੰਨਾ ਵੱਡਾ ਬਵਾਲ ਖੜਾ ਕੀਤਾ ਕਿ ਜਥੇਦਾਰ ਅਕਾਲ ਤਖਤ ਨੂੰ ਸੰਮਨ ਭੇਜੇ ਹਨ। ਉਨ੍ਹਾਂ ਦੀ ਜਾਣਕਾਰੀ ਅਨੁਸਾਰ ਬਹੁਤ ਸਾਰੇ ਗੁਰਦੁਆਰਿਆ ਵਿੱਚ ਪ੍ਰਵਾਸੀ ਭਈਏ ਪਾਠੀ ਬਣੇ ਹੋਏ ਹਨ ਜਿੰਨ੍ਹਾਂ ਨੂੰ ਮਰਿਆਦਾ ਤੇ ਪਰੰਪਰਾਵਾਂ ਦੀ ਕੋਈ ਜਾਣਕਾਰੀ ਨਾ ਹੋਣ ਦੇ ਨਾਲ ਨਾਲ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੰਭਾਲ ਦੀ ਵੀ ਕੋਈ ਪ੍ਰਵਾਹ ਵੀ ਨਹੀ ਕਰਦੇ। ਪਾਠੀਆ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋ ਜਰੂਰੀ ਟੈਸਟ ਲੈ ਕੇ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਵਾਪਰਦੀਆ ਘਟਨਾਵਾਂ ਨੂੰ ਠੱਲ ਪਾਈ ਜਾ ਸਕਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋ ਬਾਰ ਬਾਰ ਆਦੇਸ਼ ਜਾਰੀ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਗੁਰ ਘਰਾਂ ਵਿੱਚ ਸੁਰੱਖਿਆ ਦੇ ਬੰਦੋਬਸਤ ਪੂਰੇ ਨਹੀ ਹਨ ਜਿਸ ਕਾਰਨ ਬਾਰ ਬਾਰ ਮੰਦਭਾਗੀਆ ਘਟਨਾਵਾਂ ਵਾਪਰ ਰਹੀਆ ਹਨ। ਇਸ ਮੌਕੇ ਚੇਅਰਮੈਨ ਤਰਸੇਮ ਸਿੰਘ ਖਾਲਸਾ, ਸਿੱਖ ਬੁੱਧੀਜੀਵੀ ਗੁਰਤੇਜ ਸਿੰਘ ਆਈ ਏ ਐਸ, ਪ੍ਰੋ. ਗੁਰਦਰਸ਼ਨ ਸਿੰਘ ਢਿਲੋਂ, ਗੁਰਜੋਤ ਸਿੰਘ ਸਾਹਨੀ ਤੇ ਮਨਜੀਤ ਸਿੰਘ ਸਰਨਾ ਆਦਿ ਹਾਜ਼ਰ ਸਨ।