ਸਾਰੀਆਂ ਪਾਰਟੀਆਂ ਹਾਈਵੇਅ ਨਾ ਰੋਕਣ ਦਾ ਅਹਿਦ ਲੈਣ : ਕੈਪਟਨ

ਖ਼ਬਰਾਂ, ਪੰਜਾਬ

ਚੰਡੀਗੜ੍ਹ, 11 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਦਿਤਾ ਕਿ ਉਹ ਹਾਈਵੇਅ ਨਾ ਰੋਕਣ ਦਾ ਸੰਕਲਪ ਲੈਣ ਅਤੇ ਵਿਰੋਧ ਪ੍ਰਦਰਸ਼ਨ ਦੇ ਹੋਰ ਢੰਗ-ਤਰੀਕੇ ਲੱਭਣ।
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀਆਂ ਵਲੋਂ ਰਾਜ ਵਿਚ ਸੜਕਾਂ ਜਾਮ ਕਰਨ ਨਾਲ ਲੋਕਾਂ ਨੂੰ ਪੇਸ਼ ਆਈਆਂ ਮੁਸ਼ਲਕਾਂ ਬਾਰੇ ਟਵਿਟਰ 'ਤੇ ਦਿਤੀ ਆਪਣੀ ਟਿੱਪਣੀ ਮਗਰੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਲਈ ਮੁਸ਼ਕਲਾਂ ਪੈਦਾ ਕਰਨ ਵਾਲਾ ਹਰ ਕਿਸਮ ਦਾ ਵਿਰੋਧ 'ਜਮਹੂਰੀ' ਨਹੀਂ ਕਿਹਾ ਜਾ ਸਕਦਾ ਅਤੇ ਕੌਮੀ ਮਾਰਗ ਰੋਕਣਾ ਕਾਨੂੰਨ ਤਹਿਤ ਜੁਰਮ ਹੈ।
ਮੁੱਖ ਮੰਤਰੀ ਨੇ ਤਾੜਨਾ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਿਸੇ ਨੂੰ ਵੀ ਕਾਨੂੰਨ ਤੋੜਨ ਨਹੀਂ ਦਿਤਾ ਜਾਵੇਗਾ ਅਤੇ ਜੇ ਕੋਈ ਕਾਨੂੰਨ ਤੋੜਦਾ ਹੈ ਤਾਂ ਉਸ ਨੂੰ ਨਤੀਜਾ ਭੁਗਤਣਾ ਪਵੇਗਾ। ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਦੇ ਧਰਨਿਆਂ ਦੇ ਨਤੀਜੇ ਵਜੋਂ ਲੱਖਾਂ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਧਰਨੇ ਨਾਟਕਬਾਜ਼ੀ ਤੋਂ ਵੱਧ ਹੋਰ ਕੁੱਝ ਨਹੀਂ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਹਨ ਜਿਨ੍ਹਾਂ ਨੂੰ ਥੋੜ ਚਿਰੇ  ਨਿਜੀ ਲਾਭਾਂ ਤੋਂ ਅੱਗੇ ਕੁੱਝ ਵੀ ਨਹੀਂ ਦਿਸਦਾ।