ਸੰਸਦ 'ਚ ਭਗਵੰਤ ਮਾਨ ਨੇ ਚੁਕਿਆ ਆਵਾਰਾ ਪਸ਼ੂਆਂ ਦਾ ਮੁੱਦਾ

ਖ਼ਬਰਾਂ, ਪੰਜਾਬ

ਚੰਡੀਗੜ੍ਹ, 5 ਜਨਵਰੀ (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਅੱਜ ਅਵਾਰਾ ਪਸ਼ੂਆਂ ਦਾ ਮੁੱਦਾ ਚੁੱਕਿਆ ਅਤੇ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਆਉਂਦੇ ਬਜਟ 'ਚ ਵਿਸ਼ੇਸ਼ ਰਾਸ਼ੀ ਦਾ ਪ੍ਰਬੰਧ ਕਰਨ ਦੀ ਮੰਗ ਰੱਖੀ।
'ਆਪ' ਵਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਭਗਵੰਤ ਮਾਨ ਨੇ ਸੰਸਦ ਸਦਨ 'ਚ ਦਸਿਆ ਕਿ ਆਵਾਰਾ ਪਸ਼ੂ ਪੂਰੇ ਦੇਸ਼ ਦੀ ਸਮੱਸਿਆ ਬਣੇ ਹੋਏ ਹਨ। ਆਵਾਰਾ ਪਸ਼ੂਆਂ ਕਾਰਨ ਹੋ ਰਹੇ ਸੜਕ ਹਾਦਸਿਆਂ 'ਚ ਕੀਮਤੀ ਜਾਨਾਂ ਜਾ ਰਹੀਆਂ ਹਨ। ਫ਼ਸਲਾਂ ਦੀ ਵੱਡੇ ਪੱਧਰ 'ਤੇ ਬਰਬਾਦੀ ਹੋ ਰਹੀ ਹੈ। ਪੰਜਾਬ ਦੇ ਕਿਸਾਨਾਂ ਅਤੇ ਸ਼ਹਿਰਾਂ ਦਾ ਹਵਾਲਾ ਦਿੰਦਿਆਂ 

ਭਗਵੰਤ ਮਾਨ ਨੇ ਕਿਹਾ ਕਿ ਵੱਡੀ ਗਿਣਤੀ 'ਚ ਆਵਾਰਾ ਪਸ਼ੂਆਂ ਦੇ ਝੁੰਡ ਜਿਸ ਖੇਤ 'ਚ ਲੰਘ ਜਾਂਦੇ ਹਨ ਉਥੇ ਪੂਰੀ ਫ਼ਸਲ ਬਰਬਾਦ ਹੋ ਜਾਂਦੀ ਹੈ। ਕੜਾਕੇ ਦੀ ਠੰਢ 'ਚ ਆਵਾਰਾ ਪਸ਼ੂਆਂ ਤੋਂ ਖੇਤ ਬਚਾਉਣ ਲਈ ਕਿਸਾਨ ਘੋੜ ਸਵਾਰ ਰਾਖਿਆਂ ਨੂੰ ਪ੍ਰਤੀ ਏਕੜ 1500 ਰੁਪਏ ਦੇਣ ਲਈ ਮਜਬੂਰ ਹਨ। ਭਗਵੰਤ ਮਾਨ ਨੇ ਇਹ ਵੀ ਮੁੱਦਾ ਉਠਾਇਆ ਕਿ ਜਦ ਬਿਜਲੀ ਦੇ ਬਿਲਾਂ ਅਤੇ ਹੋਰ ਟੈਕਸਾਂ 'ਚ ਗਊ ਸੈੱਸ ਵਸੂਲਿਆ ਜਾ ਰਿਹਾ ਹੈ ਤਾਂ ਸ਼ਹਿਰਾਂ ਅਤੇ ਪਿੰਡਾਂ 'ਚ ਆਵਾਰਾ ਗਊਆਂ ਦੇ ਝੁੰਡ ਕਿਉਂ ਘੁਮ ਰਹੇ ਹਨ।