ਸੰਸਾਰ 'ਚ ਫੈਲੇ ਅੰਧਕਾਰ ਨੂੰ ਬਾਹਰ ਕੱਢਣ ਲਈ 'ਰੋਜ਼ਾਨਾ ਸਪੋਕਸਮੈਨ' ਅਖ਼ਬਾਰ ਦਾ ਯੋਗਦਾਨ ਬਹੁਤ ਮਹੱਤਵਪੂਰਨ

ਖ਼ਬਰਾਂ, ਪੰਜਾਬ

ਪਟਿਆਲਾ, 10 ਦਸੰਬਰ (ਬਲਵਿੰਦਰ ਸਿੰਘ ਭੁੱਲਰ): ਸੰਸਾਰ ਵਿਚ ਫੈਲੇ ਅੰਧਕਾਰ ਅਤੇ ਅਗਿਆਨਤਾ ਦੀ ਜ਼ਿੱਲਤ ਵਿਚੋਂ ਬਾਹਰ ਕੱਢਣ ਲਈ ਸਪੋਕਸਮੈਨ ਅਖ਼ਬਾਰ ਦਾ  ਯੋਗਦਾਨ  ਬਹੁਤ  ਮਹੱਤਵਪੂਰਨ, ਲਾਸਾਨੀ ਅਤੇ ਯਾਦਗਾਰੀ ਹੈ। ਗੁਰੂ ਗ੍ਰੰਥ ਸਾਹਿਬ ਦੀ ਆੜ ਵਿਚ ਅਖੌਤੀ  ਬਾਬਿਆਂ ਵਲੋਂ ਫੈਲਾਇਆ ਗਿਆ ਪਾਖੰਡਵਾਦ ਸਮਾਜ ਨੂੰ ਕੋਈ ਸਾਰਥਕ ਸੇਧ ਨਹੀਂ ਦੇ ਸਕਿਆ ਬਲਕਿ ਧਰਮ ਦੇ ਨਾਂ 'ਤੇ ਨੈਤਿਕ ਕਦਰਾਂ ਕੀਮਤਾਂ  ਅਤੇ ਧਰਮ ਨਾਲ  ਸਬੰਧਤ ਮਸਲਿਆਂ ਤੇ ਦਿਸ਼ਾਹੀਣ ਅਗਵਾਈ ਦੇ ਰਿਹਾ ਹੈ। ਇਹ ਵੀ ਇਕ ਕਾਰਨ ਹੈ ਕਿ ਬਾਬਿਆਂ ਵਲੋਂ ਫੈਲਾਇਆ ਗਿਆ  ਮੱਕੜ ਜਾਲ, ਪਾਖੰਡਵਾਦ ਅਤੇ ਅੰਧਵਾਦ ਸਮਾਜ ਲਈ ਕੈਂਸਰ ਬਣ ਚੁਕਾ  ਹੈ ਪਰ ਸਪੋਕਸਮੈਨ ਅਖ਼ਬਾਰ  ਅਪਣੀ  ਕਲਮ, ਫ਼ਿਲਾਸਫ਼ੀ ਅਤੇ ਆਦਰਸ਼ਵਾਦ ਦੁਆਰਾ ਇਸੇ ਕੈਂਸਰ ਦਾ ਇਲਾਜ ਕਰਨ ਲਈ ਸੁਹਿਰਦ ਵੀ ਹੈ ਅਤੇ ਵਚਨਬੱਧ ਵੀ। ਸਪੋਕਸਮੈਨ ਅਖ਼ਬਾਰ ਨੇ ਸਿਰਫ਼ ਬਾਬੇ ਨਾਨਕ ਦੇ ਫ਼ਲਸਫ਼ੇ ਦਾ ਪ੍ਰਚਾਰ ਅਤੇ ਪਸਾਰ ਕਰਨ ਦਾ ਯਤਨ ਹੀ ਕੀਤਾ ਹੈ ਪਰ ਸਮੇਂ ਦੀਆਂ ਸਰਕਾਰਾਂ ਅਤੇ ਡੇਰਾਵਾਦੀਆਂ ਨੂੰ ਸੱਚ ਦਾ ਇਹ ਪ੍ਰਚਾਰ ਅਤੇ ਫ਼ਲਸਫ਼ਾ ਕਦੇ ਵੀ ਰਾਸ ਨਾ ਆਇਆ। ਜਿਵੇਂ ਬਾਬੇ ਨਾਨਕ ਨੂੰ ਅੰਧਵਿਸ਼ਵਾਸੀਆਂ ਨੇ ਘੇਰਾ ਪਾ ਕੇ ਰਖਿਆ ਉਸੇ ਤਰਜ਼ 'ਤੇ ਬਾਬੇ ਨਾਨਕ ਦੇ ਸੱਚੇ ਸੁੱਚੇ ਫ਼ਲਸਫ਼ੇ ਦੇ ਪ੍ਰਚਾਰਕ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਨੂੰ ਵੀ  ਘੇਰਾ ਪਾ ਕੇ ਰਖਿਆ ਗਿਆ। ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੇ ਜਿਥੇ ਇਸ ਅਖ਼ਬਾਰ ਦੇ ਵਜੂਦ ਨੂੰ ਬਚਾਉਣ ਲਈ ਬਹੁਤ ਲੰਮਾ ਅਤੇ ਕਰੜਾ ਸੰਘਰਸ਼ ਕੀਤਾ ਹੈ ਉਥੇ ਬੀਬੀ ਜਗਜੀਤ ਕੌਰ ਦੀ ਯੋਗ ਅਤੇ ਸੁਚੱਜੀ ਅਗਵਾਈ ਤੋਂ ਇਲਾਵਾ ਵਰਤਮਾਨ ਸੰਪਾਦਕ ਬੀਬੀ ਨਿਮਰਤ ਕੌਰ ਦੀ ਕਲਮ ਦੇ ਬਲ 'ਤੇ ਇਸ ਅਖ਼ਬਾਰ ਨੇ ਨਵੀਆਂ ਪਿਰਤਾਂ ਅਤੇ ਨਵੀਆਂ ਪੈੜਾਂ ਪਾਈਆਂ ਹਨ।