ਸਤਨਾਮ ਸਿੰਘ ਸਰਪੰਚ ਹਤਿਆ ਕੇਸ ਦੀ ਜਾਂਚ ਸੀਬੀਆਈ ਜਾਂ ਐਨਆਈਏ ਤੋਂ ਕਰਵਾਉਣ ਦੀ ਮੰਗ

ਖ਼ਬਰਾਂ, ਪੰਜਾਬ

ਚੰਡੀਗੜ੍ਹ, 12 ਦਸੰਬਰ (ਨੀਲ ਭਲਿੰਦਰ ਸਿਂੰਘ) : ਹੁਸ਼ਿਆਰਪੁਰ ਦੇ ਪਿੰਡ ਖ਼ੁਰਦਾ ਦੇ ਸਰਪੰਚ ਸਤਨਾਮ ਸਿਂੰਘ ਉਰਫ਼ ਬਿੱਟੂ ਦੀ ਚੰਡੀਗੜ੍ਹ ਦੇ ਸੈਕਟਰ-38 ਵੈਸਟ ਗੁਰਦੁਆਰੇ ਦੇ ਬਾਹਰ ਸ਼ਰੇਆਮ ਗੋਲੀਆਂ ਮਾਰ ਕੇ ਹਤਿਆ ਕਰਨ ਦੇ ਮਾਮਲੇ ਦੀ ਜਾਂਚ ਸੀਬੀਆਈ ਜਾਂ ਐਨਆਈਏ ਕੋਲੋਂ ਕਰਵਾਉਣ ਦੀ ਮੰਗ ਕੀਤੀ ਹੈ। ਸਰਪੰਚ ਦੇ ਭਰਾ ਵਲੋਂ ਹਾਈ ਕੋਰਟ ਚ ਦਾਇਰ ਪਟੀਸ਼ਨ ਉਤੇ ਅੱਜ ਸੁਣਵਾਈ ਹੋਈ। ਜਸਟਿਸ ਰਾਜਨ ਗੁਪਤਾ ਨੇ ਅੱਜ ਇਸ ਉਤੇ ਕੇਂਦਰ ਸਰਕਾਰ, ਕੇਂਦਰੀ ਜਾਂਚ ਏਜੰਸੀ (ਸੀਬੀਆਈ) ਅਤੇ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ 19 ਦਸੰਬਰ ਲਈ ਨੋਟਿਸ ਜਾਰੀ ਕਰ ਦਿਤੇ ਹਨ। ਸੀਨੀਆਰ ਵਧੀਕ ਸਾਲਿਸਟਰ ਜਨਰਲ ਆਫ਼ ਇੰਡੀਆ ਸੱਤਪਾਲ ਜੈਨ ਵਲੋਂ ਉਕਤ ਤਿਨਾਂ ਧਿਰਾਂ ਵਲੋਂ ਇਹ ਨੋਟਿਸ ਦਸਤੀ ਹਾਸਲ ਕਰ ਲਿਆ ਹੈ।ਸਤਨਾਮ ਦੇ ਭਰਾ  ਨੇ ਅਪਣੀ ਪਟੀਸ਼ਨ ਤਹਿਤ ਇਸ ਹਤਿਆ ਪਿਛੇ ਨਾਮੀਂ ਗੈਂਗਸਟਰ ਵਿਕੀ ਗੌਂਡਰ ਗੈਂਗ ਦਾ ਹੱਥ ਦਸਿਆ ਹੈ ਜੋ ਪੰਜਾਬ, ਹਰਿਆਣਾ, ਮਹਾਰਾਸ਼ਟਰ ਸਣੇ ਕਈ ਸੂਬਿਆਂ 'ਚ 

ਵਾਰਦਾਤਾਂ ਲਈ ਲੋੜੀਂਦਾ ਹੋਣ ਵਜੋਂ ਜਾਂਚ ਕਿਸੇ ਕੇਂਦਰੀ ਏਜੰਸੀ ਨੂੰ ਸੌਂਪਣ ਦੀ ਮੰਗ ਕੀਤੀ ਹੈ। ਦਸਿਆ ਗਿਆ ਹੈ ਕਿ ਉਸ ਦੇ ਭਰਾ ਦਾ ਕਤਲ ਪੂਰੀ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ। ਕਤਲ ਕਰਨ ਵਾਲੇ ਮੁਲਜ਼ਮਾਂ ਨੇ ਪਹਿਲਾਂ ਉਨ੍ਹਾਂ ਦੇ ਪਿੰਡ ਤੇ ਹੋਰ ਥਾਵਾਂ, ਜਿਥੇ-ਜਿਥੇ ਪਿਛਲੇ ਦਿਨੀਂ ਸਤਨਾਮ ਜਾ ਰਿਹਾ ਸੀ, ਦੀ ਪੂਰੀ ਰੇਕੀ ਕੀਤੀ ਸੀ। ਸਤਨਾਮ ਦੇ ਸੰਗਤ ਨੂੰ ਲੈ ਕੇ ਸੈਕਟਰ-38 ਗੁਰਦੁਆਰੇ 'ਚ ਮੱਥਾ ਟੇਕਣ ਲਈ ਆਉਣ ਦੀ ਗੱਲ ਦੀ ਜਾਣਕਾਰੀ ਲੈਣ ਤੋਂ ਬਾਅਦ ਕਾਤਲ ਪੂਰੀ ਤਿਆਰੀ ਨਾਲ ਇਥੇ ਪਹੁੰਚੇ ਸਨ।  ਇਹ ਵੀ  ਦਸਿਆ ਕਿ ਉਨ੍ਹਾਂ ਦੇ ਹੀ ਪਿੰਡ ਦੇ ਰਹਿਣ ਵਾਲੇ ਉਨ੍ਹਾਂ ਦੇ ਭਰਾ ਸਤਨਾਮ ਦੇ ਇਕ ਕਾਰੋਬਾਰੀ ਮੁਕਾਬਲੇਬਾਜ਼ ਨੇ ਬਕਾਇਦਾ ਗਰੋਹ ਨੂੰ ਸੁਪਾਰੀ ਦੇ ਕੇ ਉਨ੍ਹਾਂ ਦੇ ਭਰਾ ਦਾ ਕਤਲ ਕਰਵਾਇਆ ਹੈ।