ਸੌਦਾ ਸਾਧ ਦੇ ਜਬਰਨ ਪ੍ਰਮਾਰਥ ਦੇ ਸਬੰਧ 'ਚ ਕਿਉਂ ਚੁੱਪ ਹਨ ਤਖ਼ਤਾਂ ਦੇ ਜਥੇਦਾਰ : ਰਾਮੂਵਾਲੀਆ

ਖ਼ਬਰਾਂ, ਪੰਜਾਬ

ਕੋਟਕਪੂਰਾ, 13 ਸਤੰਬਰ (ਗੁਰਿੰਦਰ ਸਿੰਘ): ਸੌਦਾ ਸਾਧ ਦੇ ਚੇਲਿਆਂ ਵਲੋਂ ਆਮ ਲੋਕਾਂ ਨੂੰ ਅਪਣੀ ਜ਼ਮੀਨ ਪ੍ਰਮਾਰਥ (ਦਾਨ) ਕਰਨ ਲਈ ਡਰਾਉਣ, ਧਮਕਾਉਣ, ਜ਼ਲੀਲ ਕਰਨ, ਮਜਬੂਰ ਕਰਨ ਅਤੇ ਜਬਰੀ ਕਬਜ਼ਾ ਕਰਨ ਦੀਆਂ ਮੀਡੀਏ 'ਚ ਬਣੀਆਂ ਸੁਰੱਖੀਆਂ ਤੋਂ ਬਾਅਦ ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਹੈਰਾਨੀ ਪ੍ਰਗਟ ਕਰਦਿਆਂ ਪੁਛਿਆ ਕਿ ਪੰਜਾਬ ਅਤੇ ਗੁਆਂਢੀ ਸੂਬਿਆਂ 'ਚ ਬੈਠੇ ਪੰਜਾਬੀ ਸਿੱਖਾਂ ਦੀ ਸੌਦਾ ਸਾਧ ਵਲੋਂ ਧੱਕੇ ਨਾਲ ਕਬਜ਼ੇ 'ਚ ਲਈ ਜ਼ਮੀਨ ਨੂੰ ਛੁਡਾਉਣ ਵਾਸਤੇ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ, ਸਮੂਹ ਅਕਾਲੀ ਦਲ, ਫ਼ੈਡਰੇਸ਼ਨਾਂ, ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਨੇ ਚੁੱਪ ਕਿਉਂ ਧਾਰੀ ਹੋਈ ਹੈ?
ਸ੍ਰ. ਰਾਮੂਵਾਲੀਆ ਨੇ ਉਮੀਦ ਪ੍ਰਗਟਾਈ ਕਿ ਹਰ ਪੰਥਕ ਮਸਲੇ ਨੂੰ ਸੂਝ ਬੂਝ ਨਾਲ ਹੱਲ ਕਰਨ 'ਚ ਮੋਹਰੀ ਰੋਲ ਨਿਭਾਉਣ ਵਾਲੇ 'ਰਜ਼ਜਾਨਾ ਸਪੋਕਸਮੈਨ' ਨੂੰ ਹੀ ਇਸ ਵਾਰ ਮੁੜ ਪੰਜਾਬੀ ਕਿਸਾਨਾਂ ਦੇ ਹੱਕ 'ਚ ਪਹਿਲ ਕਦਮੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਸਮੇਤ ਅਕਾਲੀ ਦਲ ਵਲੋਂ ਪੰਜਾਬੀ ਕਿਸਾਨਾਂ ਦੀ ਜ਼ਮੀਨ ਵਾਪਸ ਦਿਵਾਉਣ ਲਈ ਸਿਰਸਾ ਡੇਰੇ ਅੱਗੇ ਜਾਂ ਹਰਿਆਣਾ-ਪੰਜਾਬ ਸਰਹੱਦ 'ਤੇ ਧਰਨੇ ਦਿਤੇ ਜਾਣਗੇ, ਰੋਸ ਪ੍ਰਦਰਸ਼ਨ ਹੋਣਗੇ ਪਰ ਉਕਤ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੀ ਚੁੱਪ ਨੇ ਕਈ ਸ਼ੱਕ ਪੈਦਾ ਕਰ ਦਿਤੇ ਹਨ।

ਜ਼ਿਕਰਯੋਗ ਹੈ ਕਿ ਸੌਦਾ ਸਾਧ ਦੇ ਚੇਲਿਆਂ ਵਲੋਂ ਡੇਰੇ ਨੂੰ ਦਾਨ ਕਰਨ ਦੇ ਨਾਮ 'ਤੇ ਗੁੰਡਾਗਰਦੀ ਨਾਲ ਜ਼ਮੀਨਾਂ 'ਤੇ ਕਬਜ਼ੇ, ਦਾਨ ਕਰਨ ਲਈ ਸੋਨੇ ਦੇ ਗਹਿਣੇ ਹੜੱਪਣ ਅਤੇ ਸਬਜ਼ੀਆਂ, ਫੱਲ, ਇੱਟਾਂ ਸਮੇਤ ਹੋਰ ਵਸਤੂਆਂ ਮੂੰਹ ਮੰਗੀ ਕੀਮਤ 'ਤੇ ਵੇਚਣ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰੱਖੀਆਂ ਬਣ ਚੁੱਕੀਆਂ ਹਨ। ਅਦਾਲਤ ਨੇ ਸੌਦਾ ਸਾਧ ਨੂੰ ਬਲਾਤਕਾਰ ਦਾ ਦੋਸ਼ੀ ਐਲਾਨ ਕੇ ਰੋਹਤਕ ਦੀ ਜੇਲ 'ਚ ਭੇਜ ਦਿਤਾ ਹੈ ਪਰ ਅਜੇ ਤਕ ਜੇਲ ਗਿਆ ਮਹਿਜ 15-16 ਦਿਨ ਹੀ ਹੋਏ ਹਨ ਕਿ ਸੌਦਾ ਸਾਧ ਦੇ ਕਾਰਨਾਮੇ ਰੁਕਣ ਦਾ ਨਾਮ ਨਹੀਂ ਲੈ ਰਹੇ।

ਸੌਦਾ ਸਾਧ ਦੇ ਨਿੱਤ ਨਵੇਂ ਅਤੇ ਸ਼ਰਮਨਾਕ ਕਾਰਨਾਮਿਆਂ ਕਾਰਨ ਲੋਕ ਹੋਰ ਦੇਹਧਾਰੀ ਬਾਬਿਆਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਪਏ ਹਨ। ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਨੇ ਆਖਿਆ ਕਿ ਧੱਕੇ ਨਾਲ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ, ਕੀਮਤੀ ਜ਼ਮੀਨਾਂ ਸਮੇਤ ਹੋਰ ਮਹਿੰਗੀਆਂ ਵਸਤੂਆਂ ਡੇਰੇ ਲਈ ਦਾਨ ਲੈਣ ਦਾ ਇਹ ਵਿਲੱਖਣ ਅਤੇ ਸ਼ਰਮਨਾਕ ਪਹਿਲੂ ਪਹਿਲੀ ਵਾਰ ਸਾਹਮਣੇ ਆਇਆ ਹੈ ਜਿਸ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ 'ਰੋਜ਼ਾਨਾ ਸਪੋਕਸਮੈਨ' ਇਸ ਮਾਮਲੇ 'ਚ ਪਹਿਲ ਕਦਮੀ ਕਰੇ ਤਾਂ ਉਹ ਖ਼ੁਦ ਪੰਜਾਬੀ ਕਿਸਾਨਾਂ ਦੇ ਹੱਕ 'ਚ ਧਰਨਾ ਦੇਣਗੇ, ਰੋਸ ਪ੍ਰਦਰਸ਼ਨ ਅਤੇ ਹਰ ਤਰ੍ਹਾਂ ਦਾ ਸੰਘਰਸ਼ ਕਰ ਕੇ ਅਦਾਲਤ ਰਾਹੀਂ ਪੀੜਤ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣਗੇ। ਸ੍ਰ. ਰਾਮੂਵਾਲੀਆ ਨੇ ਜਬਰਨ ਪ੍ਰਮਾਰਥ ਕਰਨ ਦੇ ਮਾਮਲੇ 'ਚ ਅਜਾਈ ਗਈਆਂ ਕੀਮਤੀ ਜਾਨਾਂ ਪ੍ਰਤੀ ਵੀ ਦੁੱਖ ਪ੍ਰਗਟਾਇਆ।