ਮਲੋਟ, 3 ਸਤੰਬਰ (ਹਰਦੀਪ ਸਿੰਘ
ਖ਼ਾਲਸਾ) : ਸੌਦਾ ਸਾਧ ਦੇ ਕੁਰਬਾਨੀ ਦਲ ਨਾਲ ਸਬੰਧਤ ਮਲੋਟ ਦੇ ਡੇਰਾ ਪ੍ਰੇਮੀਆਂ ਵਲੋਂ
ਮਲੋਟ ਵਿਖੇ ਕੀਤੀ ਗਈ ਸਾੜਫੂਕ ਤੇ ਭੰਨਤੋੜ ਦੇ ਦੋਸ਼ 'ਚ ਥਾਣਾ ਕਬਰਵਾਲਾ ਪੁਲਿਸ ਵੱਲੋਂ
ਕਾਬੂ ਕੀਤੇ 8 ਡੇਰਾ ਪ੍ਰੇਮੀਆਂ ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਅੱਜ ਅਦਾਲਤ ਵਿਚ
ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 16 ਸਤੰਬਰ ਤਕ ਜੇਲ ਭੇਜ ਦਿਤਾ।
ਸੌਦਾ ਸਾਧ ਦੇ ਕੁਰਬਾਨੀ ਦਲ ਦੇ ਡੇਰਾ ਪ੍ਰੇਮੀਆਂ ਵਿਚ ਸਰਗਰਮ ਭੰਗੀਦਾਸ ਜਸਵਿੰਦਰ ਸਿੰਘ
ਉਰਫ ਜੱਸਾ ਪੁੱਤਰ ਮੁਖਤਿਆਰ ਸਿੰਘ ਵਾਸੀ ਪ੍ਰੀਤ ਨਗਰ ਮਲੋਟ, 45 ਮੈਂਬਰੀ ਕਮੇਟੀ ਦਾ ਆਗੂ
ਗੁਰਦਾਸ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸਮਾਘ, ਗੁਰਪਿਆਰ ਸਿੰਘ ਪੁੱਤਰ ਸੁਖਦੇਵ ਸਿੰਘ
ਵਾਸੀ ਘੁਮਿਆਰਾ, ਰਤਨ ਲਾਲ ਪੁੱਤਰ ਬ੍ਰਿਜ਼ ਲਾਲ ਵਾਸੀ ਦਾਨੇਵਾਲਾ, ਸ਼ੀਸ਼ਪਾਲ ਭੰਗਾਦਾਸ
ਪੁੱਤਰ ਲੇਖ ਰਾਜ ਵਾਸੀ ਰੱਥੜੀਆਂ, ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਪ੍ਰੀਤ ਨਗਰ
ਮਲੋਟ, ਮੋਹਿਤ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਭਾਰਤ ਨਗਰ ਮਲੋਟ ਆਦਿ ਸ਼ਾਮਲ ਹਨ, ਨੂੰ
ਕਬਰਵਲਾ ਪੁਲਿਸ ਨੇ ਭਾਰਤੀ ਦੰਡ ਵਿਧਾਨ ਦੀਆਂ ਧਰਾਵਾਂ 307, 436, 326 ਬੀ, 427, 120
ਬੀ, 201, 148, 149 ਅਤੇ ਐਕਸ: ਐਕਟ 3/4 ਤਹਿਤ ਮੁਕੱਦਮਾਂ ਨੰਬਰ 119 ਦਰਜ ਕੀਤਾ ਹੈ।
ਇਨ੍ਹਾਂ
ਡੇਰਾ ਪ੍ਰੇਮੀਆਂ ਨੂੰ ਮਲੋਟ ਰੇਲਵ ਸਟੇਸ਼ਨ, ਪਿੰਡ ਬੁਰਜ ਸਿੱਧਵਾਂ ਇੰਡੀਅਨ ਆਇਲ ਦਾ
ਪਟਰੌਲ ਪੰਪ ਅਤੇ ਅਬੋਹਰ ਰੋਡ ਰਿਲਾਇੰਸ ਪਟਰੌਲ ਪੰਪ ਨੂੰ ਅੱਗ ਲਾਉਣ ਅਤੇ ਭੰਨਤੌੜ੍ਹ ਦੀਆਂ
ਵਾਰਦਾਤਾਂ ਨੂੰ ਅੰਜ਼ਾਮ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ
ਡੇਰਾ ਪ੍ਰੇਮੀਆਂ ਨੂੰ ਅੱਜ ਏ.ਐਸ.ਆਈ. ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਸ਼ਿਲਪੀ ਗੁਪਤਾ
ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਸਾਰੇ ਡੇਰਾ ਪ੍ਰੇਮੀਆਂ ਨੂੰ 16 ਸਤੰਬਰ ਤਕ ਜੇਲ
ਭੇਜ ਦਿਤਾ ਗਿਆ।