ਸੰਗਰੂਰ, 5
ਸਤੰਬਰ (ਗੁਰਦਰਸ਼ਨ ਸਿੰਘ ਸਿੱਧੂ) : ਸੌਦਾ ਸਾਧ ਵਲੋਂ ਅਪਣੀਆਂ ਸਾਧਵੀਆਂ ਨਾਲ ਬਲਾਤਕਾਰ
ਕਰਨ ਦੇ ਦੋਸ਼ ਤਹਿਤ ਸੀਬੀਆਈ ਅਦਾਲਤ ਵਲੋਂ ਹੋਈ ਸਜ਼ਾ ਉਪਰੰਤ ਜਿਥੇ ਕਈ ਆਮ ਪ੍ਰੇਮੀ ਪੁਲਿਸ
ਦੀਆਂ ਗੋਲੀਆਂ ਨਾਲ ਜਾਨਾਂ ਗਵਾ ਗਏ ਅਤੇ ਗੰਭੀਰ ਜ਼ਖ਼ਮੀ ਹੋ ਗਏ, ਉਥੇ ਡੇਰੇ ਨਾਲ ਸਬੰਧਤ
ਕੁੱਝ ਅਹਿਮ ਅਹੁਦਿਆਂ 'ਤੇ ਬਿਰਾਜਮਾਨ ਕਈ ਸ਼ਖ਼ਸ ਇਸ ਦੌਰ ਅੰਦਰ ਵੀ ਅਪਣੀ ਜ਼ਿੰਦਗੀ ਦਾ ਆਨੰਦ
ਮਾਣਦੇ ਦੇਖੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਪ੍ਰਬੰਧਕਾਂ ਵਲੋਂ ਸੌਦਾ
ਸਾਧ ਨੂੰ ਸਜ਼ਾ ਵਰਗੇ ਹਾਲਤ ਬਣਨ 'ਤੇ ਪੰਜਾਬ ਅਤੇ ਹਰਿਆਣਾ ਵਿਚ ਭਾਂਬੜ ਬਾਲਣ ਦੀ ਸਾਜ਼ਸ਼
ਬਣਾਈ ਗਈ ਸੀ। ਇਸ ਸਾਜ਼ਸ਼ ਅਨੁਸਾਰ ਹੀ ਸੌਦਾ ਸਾਧ ਨੂੰ 25 ਅਗੱਸਤ ਨੂੰ ਦੋਸੀ ਕਰਾਰ ਦੇਣ ਦੇ
ਤੁਰਤ ਬਾਅਦ ਪੰਚਕੂਲਾ ਸਮੇਤ ਦੋਵਾਂ ਸੂਬਿਆਂ ਅੰਦਰ ਪ੍ਰੇਮੀਆਂ ਨੇ ਅੱਗਾਂ ਲਾਉਣ ਅਤੇ ਹੋਰ
ਕਾਰਵਾਈਆਂ ਕੀਤੀਆਂ। ਇਸੇ ਤਹਿਤ ਪੰਚਕੂਲਾ ਅਤੇ ਸਿਰਸਾ ਵਿਖੇ ਤਿੰਨ ਦਰਜਨ ਪ੍ਰੇਮੀ ਮਾਰੇ
ਵੀ ਗਏ ਅਤੇ ਕਾਫ਼ੀ ਗਿਣਤੀ ਵਿਚ ਜ਼ਖ਼ਮੀ ਹੋ ਗਏ। ਕਈਆਂ ਦੀ ਗਿੱਦੜ ਕੁੱਟ ਹੋਈ। ਡੇਰੇ ਦੇ
ਆਦੇਸ਼ਾਂ 'ਤੇ ਹਰ ਇਕ ਨੇ ਅਪਣਾ ਕੰਮ ਕੀਤਾ, ਪਰ ਜ਼ਿਲ੍ਹਾ ਸੰਗਰੂਰ ਅਤੇ ਭਵਾਨੀਗੜ੍ਹ ਨਾਲ
ਸਬੰਧਤ ਕੁੱਝ ਇਕ ਖ਼ਾਸ ਆਗੂ ਬਗ਼ੈਰ ਕਿਸੇ ਅਟਕਣ ਤੋਂ ਅਪਣੀ ਨਿਜੀ ਜ਼ਿੰਦਗੀ ਵਿਚ ਮਸ਼ਰੂਫ਼ ਹਨ।
ਉਨ੍ਹਾਂ ਨੂੰ ਨਾ ਕਿਸੇ ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨ ਨੇ ਤੰਗ ਪ੍ਰੇਸ਼ਾਨ ਕੀਤਾ ਹੈ ਅਤੇ
ਨਾ ਹੀ ਉਨ੍ਹਾਂ ਦੀ ਕੋਈ ਸਰਗਰਮੀ ਦਿਖਾਈ ਦੇ ਰਹੀ ਹੈ।
ਵਰਨਣਯੋਗ ਹੈ ਕਿ ਇਹ ਆਗੂ
ਪਿਛਲੇ 15 ਸਾਲਾਂ ਤੋਂ ਡੇਰੇ ਦੇ ਰਾਜਨੀਤਕ ਵਿੰਗ ਦੇ ਮੈਂਬਰ ਹੋਣ ਸਦਕਾ ਪੰਜਾਬ ਵਿਚ ਹਰ
ਵਿਧਾਨ ਸਭਾ ਅਤੇ ਪਾਰਲੀਮੈਂਟ ਚੋਣਾਂ ਸਮੇਂ ਖਿੱਚ ਦਾ ਕੇਂਦਰ ਬਣੇ ਰਹੇ ਹਨ। ਸਿਆਸੀ
ਪਾਰਟੀਆਂ ਦੇ ਵਿਧਾਇਕ ਅਤੇ ਐਮ ਪੀ ਬਣਨ ਦੇ ਇੱਛਕ ਇਨ੍ਹਾਂ ਦੇ ਅੱਗੇ ਪਿਛੇ ਫਿਰਦੇ ਰਹੇ
ਹਨ। ਪਾਰਟੀਆਂ ਨਾਲ ਮੋਟੇ ਸੌਦੇ ਕਰਨ ਵਿਚ ਇਹ ਆਗੂ ਮੋਹਰੀ ਰਹੇ ਹਨ, ਆਮ ਘਰਾਂ ਨਾਲ ਸਬੰਧਤ
ਇਹ ਆਗੂ ਕੁੱਝ ਸਾਲਾਂ ਅੰਦਰ ਹੀ ਮਾਲਾ-ਮਾਲ ਹੋ ਗਏ। ਡੇਰੇ ਦੇ ਮੁਖੀ ਸੌਦਾ ਸਾਧ ਦੀ
ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਛੋਟੇ ਤੋਂ ਛੋਟੇ ਪ੍ਰੇਮੀਆਂ ਦੀਆਂ ਸਰਗਰਮੀਆਂ 'ਤੇ ਆਖ
ਰੱਖਦੀ ਰਹੀ ਹੈ ਅਤੇ ਬਹੁਤ ਸਾਰੇ ਪ੍ਰੇਮੀਆਂ ਨੂੰ ਥਾਣੇ ਵੀ ਬੁਲਾਇਆ ਗਿਆ, ਪਰ ਇਨ੍ਹਾਂ
ਆਗੂਆਂ ਵਲ ਕੋਈ ਝਾਕਿਆ ਵੀ ਨਹੀਂ। ਡੇਰੇ ਅਤੇ ਪ੍ਰਸ਼ਾਸਨ ਦੇ ਅਜਿਹੇ ਟਕਰਾਅ ਦੇ ਸਮੇਂ
ਇਨ੍ਹਾਂ ਆਗੂਆਂ 'ਤੇ ਪ੍ਰਸ਼ਾਸਨ ਦੀ ਮੇਹਰਭਰੀ ਨਜ਼ਰ ਤੋਂ ਜਿਥੇ ਆਮ ਹਲਕੇ ਹੈਰਾਨ ਹਨ, ਉਥੇ
ਜਿਹੜੇ ਪ੍ਰੇਮੀਆਂ ਦੇ ਘਰ ਦੇ ਜੀਅ ਇਸ ਟਕਰਾਅ ਦੌਰਾਨ ਮਾਰੇ ਗਏ ਉਹ ਵੀ ਬਹੁਤ ਪ੍ਰੇਸ਼ਾਨ
ਹਨ। ਸਿਆਸੀ ਹਲਕਿਆਂ ਅੰਦਰ ਇਹ ਚਰਚਾ ਜ਼ੋਰ ਨਾਲ ਚਲ ਰਹੀ ਹੈ ਕਿ ਜੋ ਆਗੂ ਪਹਿਲਾਂ ਡੇਰੇ ਦੇ
ਪ੍ਰੇਮੀਆਂ ਦੀਆਂ ਵੋਟਾਂ ਦਾ ਮੁਲ ਵੱਟਦੇ ਰਹੇ ਹਨ ਉਹ ਅੱਜ ਵੀ ਪ੍ਰਸ਼ਾਸਨ ਨਾਲ ਕੋਈ ਡੀਲ
ਕਰ ਸਕਦੇ ਹਨ। ਇਕ ਤਜਰਬੇਕਾਰ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਨੇ ਦਸਿਆ ਕਿ ਕਿਸੇ ਸੰਸਥਾ
ਜਾਂ ਦੁਸ਼ਮਣ ਦੀ ਅੰਦਰੂਨੀ ਜਾਣਕਾਰੀ ਹਾਸਲ ਕਰਨ ਲਈ ਉਸੇ ਸੰਸਥਾ ਦੇ ਅੰਦਰੋਂ ਹੀ ਬੰਦਿਆਂ
ਨਾਲ ਡੀਲ ਕੀਤੀ ਜਾਂਦੀ ਹੈ, ਕਿਉਂਕਿ ''ਘਰ ਦਾ ਭੇਤੀ ਲੰਕਾ ਢਾਹੇ'' ਦੇ ਕਥਨ ਅਨੁਸਾਰ
ਅੰਦਰੂਨੀ ਜਾਣਕਾਰੀ ਕੋਈ ਅੰਦਰ ਦਾ ਖ਼ਾਸ ਵਿਅਕਤੀ ਹੀ ਦੇ ਸਕਦਾ ਹੈ। ਪੁਲਿਸ ਨੇ ਕੁੱਝ ਸਮਾਂ
ਪਹਿਲਾਂ ਸਿੱਖ ਖਾੜਕੂ ਲਹਿਰ ਨੂੰ ਕੁਚਲਣ ਲਈ ਵੀ ਖਾੜਕੂਆਂ ਵਿਚ ਅਪਣੇ ਬੰਦੇ ਫਿੱਟ ਕਰੇ
ਸੀ ਅਤੇ ਕਈ ਅੰਦਰਲੀਆਂ ਨਾਲ ਡੀਲ ਕੀਤੀ ਸੀ।
ਸੌਦਾ ਸਾਧ ਨੂੰ ਹੋਈ ਸਜ਼ਾ ਤੋਂ ਬਾਅਦ
ਜਿਥੇ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਉਥੇ ਕੁੱਝ ਹੱਦ ਤਕ ਡੇਰਾ ਪ੍ਰੇਮੀਆਂ ਵਿਚ ਵੀ
ਸਾਧ ਵਿਰੁਧ ਨਾਰਾਜ਼ਗੀ ਹੌਲੀ-ਹੌਲੀ ਬਾਹਰ ਆ ਰਹੀ ਹੈ। ਦੇਖਣ ਵਿਚ ਆ ਰਿਹਾ ਹੈ ਕਿ ਸੌਦਾ
ਸਾਧ ਦੀਆਂ ਤਸਵੀਰਾਂ ਜੋ ਪ੍ਰੇਮੀਆਂ ਨੇ ਘਰਾਂ ਵਿਚ ਇਕ ਭਗਵਾਨ ਸਮਝ ਕੇ ਲਾਈਆਂ ਹੋਈਆਂ ਸਨ
ਉਹ ਹੁਣ ਮੁਰਦਿਆਂ ਵਾਂਗ ਧਰਤੀ ਵਿਚ ਦਫਨਾਈਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਆ ਰਹੀਆਂ
ਨਿਊਜ਼ ਚੈਨਲ ਦੀਆਂ ਵੀਡੀਉ ਵਿਚ ਨਰਾਜ਼ ਹੋਏ ਡੇਰਾ ਪ੍ਰੇਮੀ ਕਹਿੰਦੇ ਹਨ ਕਿ ਸਾਡੇ ਸਾਹਮਣੇ
ਉਸ ਦੁਸ਼ਟ (ਸੌਦਾ ਸਾਧ) ਦਾ ਨਾਮ ਵੀ ਨਾ ਲਵੋ। ਉਸ ਨੇ ਤਾਂ ਸਾਡੀ ਜ਼ਿੰਦਗੀ ਬਰਬਾਦ ਕਰ ਕੇ
ਰੱਖ ਦਿਤੀ। ਹੌਲੀ-ਹੌਲੀ ਡੇਰੇ ਨਾਲ ਜੁੜੇ ਘਟਨਾਕ੍ਰਮ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ।
ਸੌਦਾ ਸਾਧ ਨੂੰ ਸਜ਼ਾ ਹੋਣ ਦੀਆਂ ਸੰਭਾਵਨਾਵਾਂ ਤਹਿਤ ਹੀ ਡੇਰੇ ਵਲੋਂ ਕਈ ਸਾਲਾਂ ਤੋਂ ਇਕ
ਅਜਿਹੀ ਫ਼ੌਜ ਤਿਆਰ ਕੀਤੀ ਜਾ ਰਹੀ ਸੀ ਜਿਹੜੇ ਪ੍ਰੇਮੀਆਂ ਅਤੇ ਪ੍ਰੇਮਣਾਂ ਨੇ ਇਹ ਫ਼ਾਰਮ ਭਰੇ
ਸਨ ਉਨ੍ਹਾਂ ਵਲੋਂ ਇਹ ਵੀ ਲਿਖ ਕੇ ਦਿਤਾ ਸੀ ਕਿ ਜੇਕਰ ਬਾਬੇ ਤੇ ਕੋਈ ਭੀੜ ਪਈ ਤਾਂ ਉਹ
ਅਪਣਾ ਆਪ ਵਾਰ ਦੇਣਗੇ, ਸੌਦਾ ਸਾਧ ਨੂੰ ਕਿਸੇ ਹੱਦ ਤਕ ਤੱਤੀ ਵਾਹ ਨਹੀਂ ਲੱਗਣ ਦੇਣਗੇ।
ਦੋਸ਼ੀ ਪਾਏ ਜਾਣ ਅਤੇ ਸਜ਼ਾ ਹੋਣ ਤੋਂ ਪਹਿਲਾਂ ਨਾਮਚਰਚਾ ਘਰਾਂ ਵਿਚ ਸੰਗਤਾਂ ਵਲੋਂ ਇਕੱਠ
ਕੀਤੇ ਗਏ ਅਤੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ। ਇਕ ਲੜਕੀ ਵਲੋਂ ਪੂਰੇ ਜੋਸ਼ੋ ਖਰੋਸ਼ ਵਿਚ
ਇਕੱਤਰ ਹੋਈ ਸੰਗਤ ਦੀ ਮੌਜੂਦਗੀ ਵਿਚ ਕਿਹਾ ਸੀ ਕਿ ਜੇਕਰ ਸਾਡੇ ਸਤਿਗੁਰ ਵਲ ਕਿਸੇ ਨੇ
ਉਂਗਲ ਵੀ ਕੀਤੀ ਤਾਂ ਉਂਗਲ ਕੱਟ ਦਿਤੀ ਜਾਵੇਗੀ, ਸਾਡੇ ਸਤਿਗੁਰ ਵਲ ਉਠਣ ਵਾਲੀ ਅੱਖ ਨੂੰ
ਭੰਨ ਦਿਤਾ ਜਾਵੇਗਾ। ਉਨ੍ਹਾਂ ਸੌਦਾ ਸਾਧ ਉਪਰ ਦਰਜ ਸਾਰੇ ਕੇਸ ਰੱਦ ਕਰਨ ਦਾ ਵੀ ਹੋਕਾ
ਦਿਤਾ ਸੀ। ਪਰੰਤੂ ਹੁਣ ਜਦੋਂ ਸੌਦਾ ਸਾਧ ਨੂੰ ਸਜ਼ਾ ਹੋ ਗਈ ਅਤੇ ਉਸ ਲਈ ਜਾਨ ਦੇਣ ਵਾਲੀ
ਸੰਗਤ ਸਾਧ ਨੂੰ ਛੱਡ ਕੇ ਭੱਜ ਰਹੀ ਹੈ ਤਾਂ ਵੀਰਪਾਲ ਕੌਰ ਨਾਮ ਦੀ ਇਹ ਲੜਕੀ ਹੁਣ ਇਹ ਕਹਿ
ਰਹੀ ਹੈ ਜੋ ਉਸ ਨੇ ਭੜਕਾਊ ਭਾਸ਼ਨ ਦਿਤਾ ਸੀ ਉਹ ਸਾਧ ਸੰਗਤ ਦੇ ਜੋਸ਼ ਵਿਚ ਬੋਲ ਰਹੀ ਸੀ,
ਹੁਣ ਉਸ ਦਾ ਡੇਰੇ ਨਾਲ ਕੋਈ ਸਬੰਧ ਨਹੀਂ ਅਤੇ ਹੱਥ ਜੋੜ ਕੇ ਮਾਫ਼ੀ ਮੰਗੀ।
ਸੰਗਰੂਰ
ਜ਼ਿਲ੍ਹੇ ਅੰਦਰ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵਲੋਂ ਵਧਾਈ ਪੁਲਿਸ ਚੌਕਸੀ ਅਤੇ
ਦੂਰਅੰਦੇਸ਼ੀ ਸੋਚ ਸਦਕਾ ਕੋਈ ਭੜਕਾਊ ਸ਼ੋਰ ਸ਼ਰਾਬਾ ਨਹੀਂ ਹੋਇਆ। ਸ. ਸਿੱਧੂ ਵਲੋਂ ਸਖ਼ਤ
ਹਦਾਇਤਾਂ ਕਾਰਨ ਪੁਲਿਸ ਨੇ ਕਿਤੇ ਵੀ ਸ਼ਰਾਰਤੀ ਅਨਸਰਾਂ ਨੂੰ ਕੋਈ ਮਾੜੀ ਘਟਨਾ ਨੂੰ ਅੰਜਾਮ
ਦੇਣ ਦਾ ਮੌਕਾ ਨਹੀਂ ਦਿਤਾ।