ਸੌਦਾ ਸਾਧ ਦੇ ਸਲਾਬਤਪੁਰਾ ਡੇਰੇ ਦਾ ਮੁਖੀ ਜ਼ੋਰਾ ਸਿੰਘ ਗ੍ਰਿਫ਼ਤਾਰ

ਖ਼ਬਰਾਂ, ਪੰਜਾਬ

ਬਠਿੰਡਾ, 7 ਸਤੰਬਰ (ਸੁਖਜਿੰਦਰ ਮਾਨ): ਸੌਦਾ ਸਾਧ ਦੀ ਅਗਵਾਈ ਵਾਲੇ ਡੇਰਾ ਸਿਰਸਾ ਤੋਂ ਬਾਅਦ ਪੰਜਾਬ 'ਚ ਸਥਿਤ ਦੂਜੇ ਨੰਬਰ ਦੇ ਸੱਭ ਤੋਂ ਵੱਡੇ ਡੇਰੇ ਸਲਾਬਤਪੁਰਾ ਦੇ ਮੁੱਖ ਪ੍ਰਬੰਧਕ ਜ਼ੋਰਾ ਸਿੰਘ ਆਦਮਪੁਰਾ ਨੂੰ ਅੱਜ ਸ਼ਾਮ ਬਠਿੰਡਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਜ਼ੋਰਾ ਸਿੰਘ ਨੂੰ  ਦਿਆਲਪੁਰਾ ਪੁਲਿਸ ਨੇ ਲੰਘੀ 28 ਅਗੱਸਤ ਨੂੰ ਪਿੰਡ ਭਾਈਰੂਪਾ ਦੇ ਸੇਵਾ ਕੇਂਦਰ ਨੂੰ ਸਾੜਣ ਦੀ ਸਾਜ਼ਸ਼ ਰਚਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਉਂਜ ਨਜਾਇਜ਼ ਹਥਿਆਰਾਂ ਦੇ ਮਾਮਲੇ 'ਚ ਜ਼ੋਰਾ ਸਿੰਘ ਅਤੇ ਉਸ ਦੇ ਇਕ ਸਾਥੀ ਸੁਖਦੇਵ ਸਿੰਘ ਵਿਰੁਧ ਤਿੰਨ ਦਿਨ ਪਹਿਲਾਂ ਦਿਆਲਪੁਰਾ ਪੁਲਿਸ ਨੇ ਆਰਮਜ਼ ਐਕਟ ਤਹਿਤ ਕੇਸ ਦਰਜ਼ ਕੀਤਾ ਸੀ ਜਿਸ ਵਿਚ ਵੀ ਉਨ੍ਹਾਂ ਦੀ ਗ੍ਰਿਫ਼ਤਾਰੀ ਪਾਈ ਜਾਵੇਗੀ।
ਜ਼ੋਰਾ ਸਿੰਘ ਆਦਮਪੁਰਾ ਸੌਦਾ ਸਾਧ ਦੇ ਚੰਦ ਨਜ਼ਦੀਕੀ ਸਾਥੀਆਂ ਵਿਚੋਂ ਇਕ ਮੰਨਿਆ ਜਾਂਦਾ ਸੀ  ਜਿਸ ਦੇ ਚਲਦੇ ਕਰੀਬ ਡੇਢ ਦਹਾਕੇ ਤੋਂ ਸੌਦਾ ਸਾਧ ਨੇ ਉਸ ਨੂੰ ਪੰਜਾਬ ਦੇ ਇਸ ਸੱਭ ਤੋਂ ਵੱਡੇ ਡੇਰੇ ਦਾ ਮੁੱਖ ਪ੍ਰਬੰਧਕ ਥਾਪਿਆ ਹੋਇਆ ਸੀ। ਇਥੇ ਇਹ ਗੱਲ ਦਸਣੀ ਵੀ ਅਤਿ ਜ਼ਰੂਰੀ ਹੈ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਹਲਕੇ ਦੇ ਵੱਡੇ ਅਕਾਲੀ ਆਗੂ ਅਤੇ ਜ਼ਿਲ੍ਹੇ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਇਸੇ ਜ਼ੋਰਾ ਸਿੰਘ ਦਾ ਪਾਣੀ ਭਰਦਾ ਰਿਹਾ ਹੈ। ਹਾਲੇ ਕੁੱਝ ਦਿਨ ਪਹਿਲਾਂ ਹੀ ਹਲਕਾ ਫੂਲ ਅਤੇ ਆਸ ਪਾਸ ਦੇ ਕਈ ਹਲਕਿਆਂ ਦੇ ਵੱਡੇ ਅਕਾਲੀ ਅਹੁਦੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰ ਕੇ ਜ਼ੋਰਾ ਸਿੰਘ ਦੀ ਅਗਵਾਈ ਹੇਠ ਸਲਾਬਤਪੁਰਾ ਵਿਖੇ ਸੌਦਾ ਸਾਧ ਦੀ ਹਮਾਇਤ 'ਤੇ ਗਏ ਸਨ। ਲੰਘੀ 28 ਅਗੱਸਤ ਨੂੰ ਹਰਿਆਣਾ ਪੁਲਿਸ ਵਲੋਂ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਦੁਆਰਾ ਸੌਦਾ ਸਾਧ ਨੂੰ ਬਲਾਤਕਾਰ ਦੇ ਦੋਸ਼ਾਂ ਹੇਠ ਜੇਲ 'ਚ ਭੇਜਣ ਤੋਂ ਬਾਅਦ ਭੜਕੇ ਡੇਰੇ ਪ੍ਰੇਮੀਆਂ ਵਲੋਂ ਕਈ ਥਾਂ ਸਰਕਾਰੀ ਜਾਇਦਾਦਾਂ ਨੂੰ ਅੱਗ ਲਗਾ ਦਿਤੀ ਸੀ ਜਿਸ ਵਿਚ ਜ਼ਿਲ੍ਹੇ ਦੇ ਪਿੰਡ ਭਾਈਰੂਪਾ ਵਿਖੇ ਵੀ ਸੇਵਾ ਕੇਂਦਰ ਨੂੰ ਅੱਗ ਦੀ ਭੇਟ ਚਾੜ ਦਿਤਾ ਸੀ ਜਿਸ ਵਿਚ ਕੇਂਦਰ ਦਾ ਕੰਪਿਊਟਰ, ਸਕੈਨਰ, ਪ੍ਰਿੰਟਰ, ਏ.ਸੀ, ਰਿਕਾਰਡ ਤੇ ਕੁਰਸੀਆਂ ਆਦਿ ਸੜ ਗਈਆਂ ਸਨ। ਇਸ ਮਾਮਲੇ ਵਿਚ ਫੂਲ ਦੀ ਪੁਲਿਸ ਨੇ 28 ਅਗੱਸਤ ਨੂੰ ਹੀ ਕੇਂਦਰ ਦੇ ਸੁਰੱਖਿਆ ਕਰਚਮਾਰੀ ਸੁਖਵਿੰਦਰ ਸਿੰਘ ਦੇ ਬਿਆਨਾਂ ਉਪਰ ਮੁਕੱਦਮਾ ਨੰਬਰ 104 ਅਧੀਨ ਧਾਰਾ 436, ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਾਰਾ 3/4 ਅਤੇ 34 ਆਈ.ਪੀ.ਸੀ ਤਹਿਤ ਭਾਈਰੂਪਾ ਦੇ ਜਗਜੀਵਨ ਸਿੰਘ ਅਤੇ ਅਗਿਆਤ ਵਿਅਕਤੀਆਂ ਵਿਰੁਧ ਦਰਜ ਕੀਤਾ ਸੀ।
ਪੁਲਿਸ ਅਧਿਕਾਰੀਆਂ ਮੁਤਾਬਕ ਬਾਅਦ ਵਿਚ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਸੀ ਕਿ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਣ ਦੀ ਸਾਜ਼ਸ਼ ਜ਼ੋਰਾ ਸਿੰਘ ਦੀ ਅਗਵਾਈ ਹੇਠ ਰਚੀ ਗਈ ਸੀ।
ਦਸਣਾ ਬਣਦਾ ਹੈ ਕਿ ਥਾਣੇਦਾਰ ਜਸਕਰਨ ਸਿੰਘ ਦੀ ਅਗਵਾਈ ਹੇਠ ਡੇਰੇ ਦੀ ਮੁੜ ਲਈ ਗਈ ਤਲਾਸ਼ੀ ਦੌਰਾਨ ਮੁੱਖ ਪ੍ਰਬੰਧਕ ਜ਼ੋਰਾ ਸਿੰਘ ਦੇ ਬੈਡ ਦੇ ਗੱਦੇ ਹੇਠਾਂ ਇਕ ਮਾਡੀਫ਼ਾਈ ਕੀਤੀ ਹੋਈ 315 ਬੋਰ ਰਾਈਫ਼ਲ ਬਰਾਮਦ ਹੋਈ ਸੀ ਜਿਸ ਨੂੰ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਪੱਖੋ ਦੇ ਸੁਖਦੇਵ ਸਿੰਘ ਨੇ ਲਿਆ ਕੇ ਦਿਤਾ ਸੀ ਜਿਸ ਨੂੰ ਨਿਯਮਾਂ ਤੋਂ ਉਲਟ ਜਾ ਕੇ ਤਬਦੀਲ ਕਰ ਦਿਤਾ ਗਿਆ। ਇਸ ਮੌਕੇ ਪੁਲਿਸ ਨੇ 66 ਰੋਂਦ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ ਜਿਸ ਤੋਂ ਬਾਅਦ ਬਠਿੰਡਾ ਪੁਲਿਸ ਵਲੋਂ ਜ਼ੋਰਾ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਚਲ ਰਹੀਆਂ ਸਨ। ਪਤਾ ਲੱਗਾ ਹੈ ਕਿ ਭਲਕੇ ਉਸ ਦਾ ਅਦਾਲਤ ਵਿਚੋਂ ਪੁਲਿਸ ਰੀਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਡੇਰੇ ਅਤੇ ਇਥੇ ਬਰਾਮਦ ਹਥਿਆਰ ਬਾਰੇ ਪੁਛ ਪੜਤਾਲ ਕੀਤੀ ਜਾਵੇਗੀ। ਬਠਿੰਡਾ ਜ਼ੋਨ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਨੇ ਜ਼ੋਰਾ ਸਿੰਘ ਸਲਾਬਤਪੁਰਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਕਾਨੂੰਨ ਮੁਤਾਬਕ ਅਪਣਾ ਕੰਮ ਕਰ ਰਹੀ ਹੈ।