ਸੌਦਾ ਸਾਧ ਦੇ ਵਕੀਲ ਸਣੇ 40 ਚੇਲਿਆਂ ਵਿਰੁਧ ਜਬਰੀ ਵਸੂਲੀ ਤੇ ਧਮਕਾਉਣ ਦੇ ਦੋਸ਼

ਖ਼ਬਰਾਂ, ਪੰਜਾਬ

ਚੰਡੀਗੜ੍ਹ, 3 ਮਾਰਚ (ਨੀਲ ਭਲਿੰਦਰ) : ਪਹਿਲਾਂ ਹੀ ਸਾਧਵੀ ਯੋਨ ਸ਼ੋਸ਼ਣ ਦੇ ਕੇਸ ਤਹਿਤ ਸਜ਼ਾ ਯਾਫ਼ਤਾ ਹੋਣ ਸਣੇ ਕਈ ਸੰਗੀਨ ਅਪਰਾਧਾਂ ਵਾਲੇ ਅਦਾਲਤੀ ਕੇਸਾਂ ਦਾ ਸਾਹਮਣਾ ਕਰ ਰਹੇ ਸੌਦਾ ਦੇ ਵਕੀਲ ਐਸ.ਕੇ. ਨਰਵਾਣਾ ਸਮੇਤ 40 ਲੋਕਾਂ 'ਤੇ ਜਬਰੀ ਵਸੂਲੀ, ਧਮਕਾਉਣ ਤੇ ਧੋਖਾਧੜੀ ਜਿਹੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ 'ਤੇ ਇਕ ਬਿਲਡਰ ਨੂੰ ਧਮਕਾਉਣ, ਧੋਖੇ ਨਾਲ ਐਗਰੀਮੈਂਟ ਸਾਇਨ ਕਰਵਾਉਣ ਅਤੇ 40 ਲੱਖ ਰੁਪਏ ਦੇ ਕਰੀਬ ਵਸੂਲਣ ਤੋਂ ਇਲਾਵਾ ਇਕ ਫਲੈਟ ਅਤੇ 80 ਕਰੋੜ  ਰੁਪਏ ਮੁੱਲ ਦੀ 12.6 ਏਕੜ ਭੂਮੀ 'ਤੇ ਗ਼ੈਰਕਾਨੂੰਨੀ ਕਬਜ਼ਾ ਕਰਨ ਦਾ ਦੋਸ਼ ਹੈ। ਸ਼ਿਕਾਇਤਕਰਤਾ ਮੁਤਾਬਕ ਇਸ ਸਾਜ਼ਸ਼ ਵਿਚ ਰਾਮ ਰਹੀਮ ਦਾ ਵਕੀਲ ਐਸ ਕੇ ਗਰਗ ਨਰਵਾਣਾ ਵੀ ਸ਼ਾਮਲ ਸੀ। ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁਧ ਭਾਰਤੀ ਅਪਰਾਧ ਦੀ ਧਾਰਾ 420, 383, 506, 120ਬੀ, 465,  487, 468 ਅਤੇ 471 ਤਹਿਤ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਅਜੇਵੀਰ ਸਹਿਗਲ ਇਕ ਕਾਲੋਨਾਈਜਰ ਦਸਿਆ ਜਾ ਰਿਹਾ ਹੈ, ਜਿਸ ਨੇ ਰਾਮ ਰਹੀਮ, ਉਸ ਦੇ ਵਕੀਲ ਤੇ ਚੇਲਿਆਂ 'ਤੇ ਡਰਾ-ਧਮਕਾ ਕੇ ਜ਼ਮੀਨ ਹੜੱਪਣ ਦੇ ਇਲਜ਼ਾਮ ਲਾਏ ਹਨ। ਸ਼ਿਕਾਇਤ ਮੁਤਾਬਕ ਰਾਮ ਰਹੀਮ ਦੇ ਇਕ ਹੋਰ ਸਥਾਨਕ ਡੇਰਾ ਪ੍ਰਬੰਧਕ  ਚਮਕੌਰ ਸਿੰਘ ਤੇ ਰਾਮ ਮੂਰਤੀ ਨੇ ਉਸ ਬਿਲਡਰ ਤੋਂ 50 ਲੱਖ ਰੁਪਏ ਵੀ ਲਏ ਤੇ ਇਕ ਫ਼ਲੈਟ ਵੀ ਜ਼ਬਰਦਸਤੀ ਤੋਹਫ਼ੇ ਵਜੋਂ ਲਿਆ।