ਸੌਦਾ ਸਾਧ ਦੀ ਪੇਸ਼ੀ ਬਰਨਾਲ਼ੇ ਨੂੰ 4.25 ਕਰੋੜ ‘ਚ ਪਈ

ਖ਼ਬਰਾਂ, ਪੰਜਾਬ

ਬਰਨਾਲਾ : ਗੁਰਮੀਤ ਰਾਮ ਰਹੀਮ ਨੂੰ ਅੱਜ ਜੇਲ੍ਹ ਪੁੱਜੇ ਬੇਸ਼ੱਕ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪਰ ਹਰਿਆਣਾ ਸਮੇਤ ਪੰਜਾਬ ਪੁਲਿਸ ਅਤੇ ਹੋਰ ਪ੍ਰਸਾਸ਼ਨਿਕ ਅਧਿਕਾਰੀ ਅਜੇ ਤੱਕ ਰਾਮ ਰਹੀਮ ਮਾਮਲੇ ਦੀਆਂ ਫ਼ਾਈਲਾਂ ‘ਚ ਹੀ ਉਲਝੀ ਪਈ ਹੈ। ਖਬਰ ਬਰਨਾਲਾ ਤੋਂ ਹੈ ਬਰਨਾਲਾ ਨੂੰ ਰਾਮ ਰਹੀਮ ਦੇ ਪੰਚਕੂਲਾ ‘ਚ ਪੇਸ਼ੀ ਤੋਂ ਲੈ ਕੇ ਮਾਹੌਲ ਠੰਡਾ ਹੋਣ ਤੱਕ ਵੱਡਾ ਨੁਕਸਾਨ ਝੱਲਣਾ ਪਿਆ ਹੈ। ਬਰਨਾਲਾ ਦੇ ਡੀਸੀ ਧੰਨਸ਼ਾਮ ਥੋਰੀ ਨੇ ਦੱਸਿਆ ਕਿ ਬਰਨਾਲਾ ਨੂੰ ਗੁਰਮੀਤ ਰਾਮ ਰਹੀਮ ਦੀ ਪੇਸ਼ੀ ਅਤੇ ਜੇਲ੍ਹ ਯਾਤਰਾ 4.25 ਕਰੋੜ ਦੇ ਲਗਭਗ ਪਈ ਹੈ।

ਡੀਸੀ ਦੇ ਮੁਤਾਬਿਕ ਇਸ ਸਾਰੇ ਘਾਟੇ ‘ਚ ਪੀਆਰਟੀਸੀ ਦਾ ਘਾਟਾ, ਪੈਰਾਮਿਲਟਰੀ ਫ਼ੋਰਸ ਅਤੇ ਪੰਜਾਬ ਪੁਲਿਸ ਦਾ ਖਰਚਾ ਹੈ। ਉਹਨਾਂ ਕਿਹਾ ਕਿ ਪੀਆਰਟੀਸੀ ਨੂੰ ਇਸ ਦੌਰਾਨ ਬੱਸਾਂ ਬੰਦ ਰਹਿਣ ਕਾਰਨ 25 ਲੱਖ ਰੁਪਏ ਘਾਟਾ ਪਿਆ। ਜਦ ਕਿ ਪੰਜਾਬ ਪੁਲਿਸ ਅਤੇ ਪੈਰਾਮਿਲਟਰੀ ਦੀ ਤਾਇਨਾਤੀ, ਰਹਿਣ-ਸਹਿਣ ਅਤੇ ਪੁਲਿਸ ਦਾ ਹੋਰ ਖਰਚ 4 ਕਰੋੜ ਦੇ ਲਗਭਗ ਹੈ। ਡੀਸੀ ਵੱਲੋਂ ਇਸ ਸਾਰੇ ਖਰਚੇ ਦੀ ਇਕ ਰਿਪੋਰਟ ਤਿਆਰ ਕਰ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਜਿਸ ਸਬੰਧੀ ਕੋਈ ਜਵਾਬ ਆਉਣਾ ਬਾਕੀ ਹੈ।

ਸੋ ਇਹ ਸਿਰਫ਼ ਜ਼ਿਲ੍ਹਾ ਬਰਨਾਲ਼ਾ ਦਾ ਨੁਕਸਾਨ 4.25 ਕਰੋੜ ਸੀ। ਇਸਦੇ ਨਾਲ਼ ਹੀ ਪੰਜਾਬ ਦੇ ਕਈ ਅਜਿਹੇ ਜ਼ਿਲ੍ਹੇ ਅਤੇ ਸ਼ਹਿਰ ਵੀ ਸਨ ਜਿੱਥੇ ਸੌਦਾ ਸਾਧ ਦਾ ਪ੍ਰਭਾਵ ਕੁੱਝ ਜ਼ਿਆਦਾ ਵੇਖਣ ਨੂੰ ਮਿਲਿਆ ਸੀ। ਉਹਨਾਂ ਦੇ ਨੁਕਸਾਨ ਦਾ ਅਸੀਂ ਜੇਕਰ ਅਨੁਮਾਨ ਵੀ ਲਗਾਈਏ ਤਾਂ ਬਰਨਾਲ਼ਾ ਨਾਲ਼ੋਂ ਕਿਤੇ ਜ਼ਿਆਦਾ ਦਾ ਨੁਕਸਾਨ ਹੋਇਆ ਹੋਵੇਗਾ। ਜਿਸ ਬਾਰੇ ਰਿਪੋਰਟਾਂ ਹੀ ਖੁਲਾਸਾ ਕਰ ਸਕਣਗੀਆਂ।