ਸੌਦਾ ਸਾਧ ਨਾਲ ਪੰਜ ਦਿਨ ਬਿਤਾ ਕੇ ਆਏ ਸਵਦੇਸ਼ ਕਿਰਾੜ ਨੇ ਦਸਿਆ ਜੇਲ ਵਿਚ ਉਸ ਦਾ ਹਾਲ
ਧਨੌਲਾ,
1 ਸਤੰਬਰ (ਰਾਮ ਸਿੰਘ ਧਨੌਲਾ) : ''ਹੇ ਰੱਬਾ ਕੀ ਕੀਤਾ ਈ ਮੇਰੇ ਨਾਲ'' ਖ਼ੁਦ ਨੂੰ ਖੁਦਾ
ਸਮਝਣ ਵਾਲਾ ਸੌਦਾ ਸਾਧ ਜਦੋਂ ਜੇਲ ਦੀਆਂ ਸਲਾਖ਼ਾਂ ਪਿੱਛੇ ਗਿਆ ਤਾਂ ਉਸ ਦੇ ਮੂੰਹੋ ਅਜਿਹੇ
ਸ਼ਬਦ ਨਿਕਲ ਰਹੇ ਸਨ। 25 ਅਗੱਸਤ ਨੂੰ ਉਸ ਨੂੰ ਪੰਚਕੂਲਾ ਦੀ ਸੀ.ਬੀ.ਆਈ ਦੀ ਅਦਾਲਤ ਵਲੋਂ
ਸਾਧਵੀਆਂ ਨਾਲ ਹੋਏ ਬਲਾਤਕਾਰ ਦੇ ਕੇਸ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਜੇਲ ਵਿਚ ਰਖਿਆ
ਗਿਆ ਤਾਂ ਉਸ ਨਾਲ ਜੇਲ ਅੰਦਰ ਕੀ-ਕੀ ਹੋ ਰਿਹਾ ਹੈ ਇਸ ਸਬੰਧੀ ਰੋਹਤਕ ਦੀ ਸਨਾਰੀਆ ਜੇਲ
ਵਿਚੋਂ ਰਿਹਾਅ ਹੋ ਕੇ ਆਏ ਕੈਦੀ ਸਵਦੇਸ਼ ਕਿਰਾੜ ਦਾ ਕਹਿਣਾ ਹੈ ਕਿ ਉਸ ਨੂੰ 24 ਅਗੱਸਤ ਨੂੰ
ਪਤਾ ਲਗਾ ਕਿ ਜੇਲ ਵਿਚ ਸੌਦਾ ਸਾਧ ਆ ਸਕਦਾ ਹੈ ਤਾਂ ਉਸ ਸਮੇਂ ਸੌਦਾ ਸਾਧ ਲਈ ਜੇਲ ਵਿਚਲੇ
ਅਪਰੂਵਲ ਸੈੱਲ ਨੂੰ ਖ਼ਾਲੀ ਕਰਵਾ ਲਿਆ ਗਿਆ ਅਤੇ ਜੇਲ ਦੇ ਚਾਰੇ ਪਾਸੇ ਮਿਲਟਰੀ ਫ਼ੋਰਸ ਲਗਾ
ਦਿਤੀ ਗਈ ਅਤੇ ਅੰਦਰ ਵੀ ਕਮਾਂਡੋ ਆ ਗਈ ਅਤੇ 1500 ਦੇ ਕਰੀਬ ਕੈਦੀਆਂ ਨੂੰ ਬਲਾਕਾਂ ਵਿਚ
ਬੰਦ ਕਰ ਦਿਤਾ ਗਿਆ ਅਤੇ ਉਨ੍ਹਾਂ ਨੂੰ ਬਾਹਰ ਨਹੀਂ ਆਉਣ ਦਿਤਾ ਗਿਆ।
ਉਸ ਨੇ ਦਸਿਆ ਕਿ
25 ਅਗੱਸਤ ਨੂੰ ਚਾਰ ਵਜੇ ਦੇ ਕਰੀਬ ਸੌਦਾ ਸਾਧ ਨੂੰ ਹੈਲੀਕਾਪਟਰ ਰਾਹੀਂ ਜੇਲ ਲਿਆਂਦਾ
ਗਿਆ। ਸਾਡੇ ਸਾਹਮਣੇ ਹੈਲੀਕਾਪਟਰ ਉਤਰਿਆ, ਜਦੋਂ ਸੌਦਾ ਸਾਧ ਜੇਲ ਵਿਚ ਦਾਖ਼ਲ ਹੋਇਆ ਉਸ ਨੇ
ਚਿੱਟਾ ਕੁੜਤਾ 'ਤੇ ਧੋਤੀ ਪਾਈ ਹੋਈ ਸੀ। ਬਹੁਤ ਜ਼ਿਆਦਾ ਉਦਾਸ ਹੋਣ ਕਰ ਕੇ ਉਸ ਦੀ ਧੋਣ ਉਪਰ
ਨਹੀਂ ਸੀ ਉਠ ਰਹੀ। ਉਸ ਦੇ ਬਾਅਦ ਉਸ ਨੂੰ ਜੇਲ 'ਚ ਬਣੇ ਤਿੰਨ ਸੈੱਲ ਬਣੇ ਹੋਏ ਹਨ
ਜਿਨ੍ਹਾਂ ਵਿਚ ਹਾਈ ਸਕਿਉਰਟੀ ਸੈੱਲ, ਐਸ.ਐਸ ਸੈੱਲ ਸਪੈਸ਼ਲ ਸੁਰੱਖਿਆ ਸੈੱਲ, ਅਪਰੂਵਲ
ਸੈੱਲ, ਤਾਂ ਉਸ ਨੂੰ ਅਪਰੂਵਲ ਸੈੱਲ ਵਿਚ ਰੱਖਿਆ ਗਿਆ। ਅਪਰੂਵਲ ਸੈੱਲ ਵਿਚ ਛੋਟੇ-ਛੋਟੇ
12 ਸੈੱਲ ਹਨ। ਸਾਰੇ ਖ਼ਾਲੀ ਕਰਵਾ ਦਿਤੇ ਗਏ। ਉਨ੍ਹਾਂ ਵਿਚ ਰਹਿ ਰਹੇ ਕੈਦੀਆਂ ਨੂੰ ਦੂਸਰੇ
ਕੈਦੀਆਂ ਨਾਲ ਸੈਟਲ ਕਰ ਦਿਤਾ ਗਿਆ। ਉਨ੍ਹਾਂ ਦਸਿਆ ਕਿ ਜਿਥੇ ਸੌਦਾ ਸਾਧ ਬੰਦ ਸੀ ਉਸ ਸੈੱਲ
ਦੀ ਕੰਧ ਸਾਡੇ ਨਾਲ ਸਾਂਝੀ ਸੀ। ਪਹਿਲੇ ਦਿਨ ਸੌਦਾ ਸਾਧ ਦੇ ਰੋਣ ਦੀਆਂ ਅਤੇ ਬੜ-ਬੜਾਉਣ
ਦੀਆਂ ਅਵਾਜ਼ਾਂ ਆ ਰਹੀਆਂ ਸਨ। ਬੋਲ ਰਿਹਾ ਸੀ ਕਿ,''ਮੈਂ ਕੀ ਗ਼ਲਤ ਕੀਤਾ, ਮੇਰਾ ਕੀ ਕਸੂਰ
ਹੈ ਹੇ ਰੱਬਾ ਤੂੰ ਕੀ ਕੀਤਾ ਮੇਰੇ ਨਾਲ'' ਇਸ ਪ੍ਰਕਾਰ ਦੀਆਂ ਗੱਲਾਂ ਦੀ ਆਵਾਜ਼ ਆ ਰਹੀ ਸੀ।
ਸੌਦਾ ਸਾਧ ਹੇਠਾਂ ਜ਼ਮੀਨ 'ਤੇ ਬੈਠਾ ਸੀ। ਉਸ ਨੂੰ ਪੀਣ ਲਈ ਪਾਣੀ ਦਿਤਾ ਗਿਆ, ਪਾਣੀ ਨਹੀਂ
ਪੀਤਾ ਉਸ ਤੋਂ ਬਾਅਦ ਜੇਲ ਮੈਨੂੰਅਲ ਮੁਤਾਬਕ ਖਾਣਾ ਦਿਤਾ ਉਸ ਨੇ ਖਾਣਾ ਨਹੀਂ ਖਾਧਾ।
ਬਿਸਲੇਰੀ ਦਾ ਪਾਣੀ ਉਸ ਲਈ ਲਿਆਂਦਾ ਗਿਆ ਤਾਂ ਉਸ ਨੇ ਪਾਣੀ ਪੀਤਾ ਜੋ ਜੇਲ ਵਿਚਲੀ ਕੰਟੀਨ
ਵਿਚੋਂ ਲਿਆ ਕੇ ਦਿਤਾ ਗਿਆ ਜਿਸ ਦੇ ਸੌਦਾ ਸਾਧ ਤੋਂ ਪੈਸੇ ਲਏ ਗਏ। ਉਸ ਤੋਂ ਬਾਅਦ ਉਹ
ਲਗਾਤਾਰ ਰੋਂਦਾ ਰਿਹਾ। ਰਾਤ ਨੂੰ ਉਸ ਨੂੰ ਜੇਲ ਵਿਚ ਆਮ ਕੈਦੀਆਂ ਵਾਂਗ ਰਖਿਆ ਗਿਆ। ਜੇਲ
ਪ੍ਰਸ਼ਾਸਨ ਵਲੋਂ ਉਸ ਨੂੰ ਦੋ ਕੰਬਲ 'ਤੇ ਇਕ ਚਟਾਈ ਦਿਤੀ ਗਈ । ਜਦੋਂ ਕਿ ਲੋਕਾਂ ਵਲੋਂ ਇਹ
ਅਫ਼ਵਾਹਾਂ ਉਡਾਈਆਂ ਗਈਆਂ ਹਨ ਕਿ ਉਸ ਨੂੰ ਵੀ.ਆਈ.ਪੀ ਰੂਮ 'ਚ ਰਖਿਆ ਗਿਆ ਹੈ ਜੋ ਗ਼ਲਤ ਹੈ।
ਜੇਲ
ਵਿਚ ਸਾਦਾ ਖਾਣਾ ਮਿਲਦਾ ਹੈ ਇਕ ਸਮੇਂ ਚਾਹ ਅਤੇ ਦੁਧ ਪਹਿਲੇ ਦਿਨ ਉਸ ਨੇ ਖਾਣਾ ਨਾ
ਖਾਧਾ। ਇਕਦਮ ਦੇਖਿਆ ਕਿ ਮੈਂ ਕਿਥੇ ਆ ਗਿਆ ਹਾਂ ਜੇਲ ਤਾਂ ਇਕ ਪ੍ਰਕਾਰ ਦੀ ਨਰਕ ਹੁੰਦੀ
ਹੈ। ਚਿੰਤਾ 'ਚ ਡੁੱਬਿਆ ਸਾਧ ਜ਼ਮੀਨ 'ਤੇ ਹੀ ਬੈਠ ਗਿਆ। ਜਦੋਂ ਉਸ ਨੂੰ ਸ਼ਾਮ ਕਰੀਬ ਛੇ ਵਜੇ
ਅੰਦਰ ਬੰਦ ਕਰਨ ਲਈ ਕਿਹਾ ਗਿਆ ਤਾਂ ਉਹ ਹੱਥ ਜੋੜਨ ਲੱਗ ਪਿਆ ਤੇ ਕਹਿਣ ਲੱਗਾ,'' ਮੈਨੂੰ
ਅੰਦਰ ਨਾ ਭੇਜੋ ਮੈਨੂੰ ਡਰ ਲਗਦਾ ਹੈ'' ਜੇਲ ਦੇ ਸਿਸਟਮ ਅਨੁਸਾਰ ਉਸ ਨੂੰ ਬੰਦ ਕਰ ਦਿਤਾ
ਗਿਆ। ਰਾਤ ਭਰ ਉਸ ਨੂੰ ਨੀਂਦ ਨਾ ਆਈ। ਕਰੋੜਾਂ ਰੁਪਏ ਦੇ ਕਪੜੇ ਪਾਉਣ ਵਾਲਾ ਸੌਦਾ ਸਾਧ
ਦੂਜੇ ਦਿਨ ਕੈਫ਼ਰੀ ਅਤੇ ਟੀ ਸ਼ਰਟ ਪਾ ਕੇ ਅੰਦਰ ਥੋੜਾ-ਥੋੜਾ ਘੁੰਮ ਰਿਹਾ ਸੀ। ਖਾਣਾ ਵੀ
ਨਹੀਂ ਖਾਧਾ, ਮੈਂ ਉਸ ਸਾਹਮਣੇ ਜੇਲ ਵਿਚ ਪੰਜ ਦਿਨ ਰਿਹਾ। ਸਵਦੇਸ ਕਿਰਾੜ ਦਾ ਕਹਿਣਾ ਸੀ
ਕਿ ਜੇਲ ਵਿਚ ਹਰ ਕੈਦੀ ਨੂੰ ਆਮ ਹੀ ਰੋਟੀ ਮਿਲਦੀ ਹੈ। ਲੱਖਾਂ ਰੁਪਏ ਦੀਆਂ ਥਾਲੀਆਂ ਵਿਚ
ਰੋਟੀ ਖਾਣ ਵਾਲਾ ਬਾਬਾ ਜੇਲ ਦੀ ਰੋਟੀ ਵਲ ਮੂੰਹ ਨਹੀਂ ਸੀ ਕਰ ਰਿਹਾ। ਥੋੜਾ ਮੋਟਾ ਦੁਧ
ਲਿਆ ਤੇ ਬਿਸਕੁਟ ਦਿਤੇ ਗਏ।
ਇਹ ਵੀ ਦਸਿਆ ਗਿਆ ਕਿ ਉਸ ਵਲੋਂ ਉਸ ਦੀ ਮੂੰਹ ਬੋਲੀ
ਬੇਟੀ ਹਨੀਪ੍ਰੀਤ ਨੂੰ ਵੀ ਬੁਲਾਇਆ ਕਿ ਮੈਨੂੰ ਬਹੁਤ ਸਾਰੀਆ ਬੀਮਾਰੀਆ ਨੇ, ਉਹ ਮੈਨੂੰ
ਦਵਾਈ ਦੇਵੇਗੀ ਪਰ ਉਸ ਨੂੰ ਕੋਲ ਨਹੀਂ ਜਾਣ ਦਿਤਾ ਗਿਆ ਸਗੋਂ ਡਾਕਟਰਾਂ ਦੀ ਟੀਮ ਨੂੰ ਬੁਲਾ
ਕੇ ਉਸ ਦੀ ਮੈਡੀਕਲ ਜਾਂਚ ਕਰਵਾਈ ਗਈ ਨਾ ਲੱਭ ਸਕੀ, ਉਸ ਦੀ ਕੋਈ ਬੀਮਾਰੀ। ਜੇਲ ਵਿਚ
ਕਿਸੇ ਵੀ ਕੈਦੀ ਨੂੰ ਸੌਦਾ ਸਾਧ ਨੂੰ ਨਹੀਂ ਮਿਲਣ ਦਿਤਾ ਗਿਆ। ਜੇਲ ਵਿਚ ਟੀ.ਵੀ ਹਨ ਜਦੋਂ
ਕੈਦੀਆਂ ਨੂੰ ਇਸ ਦੀ ਮਾੜੀ ਕਰਤੂਤ ਬਾਰੇ ਪਤਾ ਲਗਾ ਤਾਂ ਜੇਲ ਦੇ ਕੈਦੀਆਂ ਵਿਚ ਵੀ ਰੋਸ
ਪਾਇਆ ਜਾ ਰਿਹਾ ਸੀ। ਕਿਸੇ ਵੀ ਕੈਦੀ ਨੂੰ ਉਸ ਕੋਲ ਜਾਣ ਨਹੀਂ ਸੀ ਦਿਤਾ ਜਾ ਰਿਹਾ ਕਿਉਂਕਿ
ਉਸ ਨਾਲ ਕੋਈ ਲੜਾਈ ਝਗੜਾ ਵੀ ਹੋ ਸਕਦਾ ਹੈ। ਉਸ ਨੂੰ ਉਮੀਦ ਨਹੀਂ ਸੀ ਕਿ ਮੈਨੂੰ 20
ਸਾਲਾਂ ਦੀ ਕੈਦ ਹੋ ਜਾਵੇਗੀ। ਸਜ਼ਾ ਹੋਣ ਤੋਂ ਬਾਅਦ ਉਸ ਦੀਆਂ ਲੱਤਾਂ ਜਵਾਬ ਦੇ ਗਈਆਂ, ਉਸ
ਨੂੰ ਦੋ ਲੋਕਾਂ ਵਲੋਂ ਸਹਾਰਾ ਦੇ ਕੇ ਅਪਰੂਵਲ ਸੈੱਲ ਵਿਚ ਲਿਆਂਦਾ ਗਿਆ। ਸਵਦੇਸ਼ ਕਿਰਾੜ ਨੇ
ਦਸਿਆ ਕਿ ਉਨ੍ਹਾਂ ਨੂੰ ਹਾਈ ਕੋਰਟ ਵਿਚੋਂ 24 ਨੂੰ ਜ਼ਮਾਨਤ ਮਿਲੀ ਤੇ ਉਹ 29 ਤਰੀਕ ਨੂੰ
ਜੇਲ ਵਿਚੋਂ ਬਾਹਰ ਆਏ ਹਨ।