ਸੌਦਾ ਸਾਧ ਮਗਰੋਂ ਹੁਣ 'ਰਾਧੇ ਮਾਂ' ਅਦਾਲਤੀ ਨਿਸ਼ਾਨੇ 'ਤੇ

ਖ਼ਬਰਾਂ, ਪੰਜਾਬ

ਚੰਡੀਗੜ੍ਹ, 5 ਸਤੰਬਰ (ਨੀਲ ਭਲਿੰਦਰ ਸਿੰਘ): ਸੌਦਾ ਸਾਧ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਲੋਂ 20 ਸਾਲ ਦੀ ਸਜ਼ਾ ਸੁਣਾਏ ਜਾਣ ਮਗਰੋਂ ਹੁਣ ਅਪਣੇ ਆਪ ਨੂੰ ਦੇਵੀ ਦਾ ਅਵਤਾਰ ਦਸਣ ਵਾਲੀ ਰਾਧੇ ਮਾਂ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਹਨ । ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਧੇ ਮਾਂ  ਵਿਰੁਧ ਐਫ਼ਆਈਆਰ ਦਰਜ ਕਰਨ ਦੀ ਮੰਗ ਵਾਲੀ ਇਕ ਸ਼ਿਕਾਇਤ 'ਤੇ ਬਣਦੀ ਕਾਰਵਾਈ ਨਾ ਕੀਤੇ ਜਾਣ ਬਾਰੇ ਐਸਐਸਪੀ ਕਪੂਰਥਲਾ ਦੀ ਜਵਾਬ ਤਲਬੀ ਕੀਤੀ ਗਈ ਹੈ ।
ਫਗਵਾੜਾ ਦੇ ਰਹਿਣ ਵਾਲੇ ਸੁਰਿੰਦਰ ਮਿੱਤਲ ਨਾਮਕ ਵਿਆਕਤੀ ਦੀ ਹੱਤਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇਹ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਬੈਂਚ ਨੇ ਪਹਿਲਾਂ 2015 ਵਿਚ ਹੀ ਮੂਲ ਪਟੀਸ਼ਨ ਉਤੇ ਹੁਕਮ ਜਾਰੀ ਕਰ ਦਿਤੇ ਸਨ ਕਿ ਉਕਤ ਅਧਿਕਾਰੀ ਸ਼ਿਕਾਇਤ ਵਿਚ ਲਾਏ ਗਏ ਦੋਸ਼ਾਂ ਦੀ ਘੋਖ ਕਰੇ ਅਤੇ ਜੇਕਰ ਰਾਧੇ ਮਾਂ ਦੀ ਕਾਰਵਾਈ ਕਾਨੂੰਨ ਮੁਤਾਬਕ ਅਪਰਾਧਕ ਮੰਨੀ ਜਾਂਦੀ ਹੈ ਤਾਂ ਰਾਧੇ ਮਾਂ  ਵਿਰੁਧ ਕੇਸ ਦਰਜ ਕੀਤਾ ਜਾਵੇ। ਦਸਣਯੋਗ ਹੈ ਸਵੈਘੋਸ਼ਿਤ ਧਰਮ ਗੁਰੂ ਰਾਧੇ ਮਾਂ ਨੂੰ ਇਸ ਮਾਮਲੇ ਵਿਚ ਦੋ ਸਾਲ ਪਹਿਲਾਂ ਪੰਜਾਬ ਪੁਲਿਸ ਨੇ ਪੁਛਗਿਛ ਲਈ ਸੰਮਨ ਭੇਜਿਆ ਸੀ । ਸੁਰਿੰਦਰ ਨੇ ਅਗੱਸਤ 2015 ਵਿਚ ਪੰਜਾਬ ਪੁਲਿਸ ਕੋਲ ਰਾਧੇ ਮਾਂ ਵਿਰੁਧ ਸ਼ਿਕਾਇਤ ਕੀਤੀ ਸੀ ਜਿਸ ਮੁਤਾਬਕ ਕਰੀਬ 15 ਸਾਲ ਪਹਿਲਾਂ ਪੰਜਾਬ  ਦੇ ਫਗਵਾੜਾ ਵਿਚ ਅਪਣੇ ਆਪ ਨੂੰ ਦੇਵੀ ਦਾ ਅਵਤਾਰ ਦਸਣ ਵਾਲੀ ਰਾਧੇ ਮਾਂ ਨੇ ਇਕ ਜਗਰਾਤਾ ਕੀਤਾ ਸੀ। ਇਸ ਦੌਰਾਨ ਰਾਧੇ ਮਾਂ ਦਾ ਵਿਰੋਧ ਸ਼ੁਰੂ ਹੋ ਗਿਆ। ਇਹ ਪ੍ਰਦਰਸ਼ਨ ਤਿੰਨ ਘੰਟੇ ਮਗਰੋਂ ਉਦੋਂ ਖ਼ਤਮ ਹੋਇਆ ਸੀ ਜਦੋਂ ਰਾਧੇ ਮਾਂ ਨੇ ਮਾਫ਼ੀ ਮੰਗ ਲਈ।
ਸੁਰਿੰਦਰ ਮਿੱਤਲ  ਨੇ ਦੋਸ਼ ਲਇਆ  ਹੈ ਕਿ ਉਸ ਦੇ ਫ਼ੋਨ ਉਤੇ ਰਾਧੇ ਮਾਂ ਲਗਾਤਾਰ ਉਨ੍ਹਾਂ ਨੂੰ ਧਮਕਾਉਣ ਵਾਲੇ ਵਾਟਸਐਪ ਮੈਸੇਜ ਅਤੇ ਕਾਲ ਕਰਦੀ ਰਹੀ ਹੈ। ਸੁਰਿੰਦਰ ਮਿੱਤਲ ਫ਼ੋਨ ਦੀ ਰੀਕਾਰਡਿੰਗ ਵੀ ਪੰਜਾਬ ਪੁਲਿਸ ਨੂੰ ਦੇ ਚੁਕਾ ਹੈ।