ਬਠਿੰਡਾ,
30 ਅਗੱਸਤ (ਸੁਖਜਿੰਦਰ ਮਾਨ): ਸੌਦਾ ਸਾਧ ਦੀ ਸਜ਼ਾ ਮਾਲਵਾ ਪੱਟੀ ਦੀ ਪੁਲਿਸ ਨੂੰ ਕਰੀਬ 50
ਕਰੋੜ ਤੋਂ 'ਚ ਪਈ ਹੈ ਪਰ ਇਸ ਬਹਾਨੇ ਪੁਲਿਸ ਨੇ ਵੱਡੀ ਪੱਧਰ 'ਤੇ ਦੰਗਿਆਂ ਨੂੰ ਰੋਕਣ ਲਈ
ਹਥਿਆਰਾਂ ਦਾ ਭੰਡਾਰ ਜਮ੍ਹਾਂ ਕਰ ਲਿਆ। ਇਕੱਲੀ ਬਠਿੰਡਾ ਪੁਲਿਸ ਵਲੋਂ ਹੀ ਦੰਗਾਕਾਰੀਆਂ
'ਤੇ ਕਾਬੂ ਪਾਉਣ ਲਈ 15 ਲੱਖ ਤੋਂ ਵੱਧ ਕੀਮਤ ਦੀਆਂ ਡਾਂਗਾ, ਕੈਨ ਸੀਲਡਾਂ, ਲਾਠੀਆਂ,
ਹੰਝੂ ਗੈਸ ਅਤੇ ਹੋਰ ਸਾਜੋ-ਸਮਾਨ ਖ਼ਰੀਦਿਆ ਗਿਆ। ਹਾਲਾਂਕਿ ਪ੍ਰੇਮੀਆਂ ਵਲੋਂ ਪੰਚਕੂਲਾ ਤੇ
ਸਿਰਸਾ ਵਲ ਕੂਚ ਕਰਨ ਦੇ ਚੱਲਦੇ ਇਸ ਦੀ ਵਰਤੋਂ ਨਾਮਤਾਰ ਹੀ ਹੋਈ ਹੈ।
ਇਸ ਤੋਂ ਇਲਾਵਾ
ਇਨ੍ਹਾਂ ਪੰਜ ਦਿਨਾਂ 'ਚ ਬਠਿੰਡਾ ਪੁਲਿਸ ਦੀਆਂ ਗੱਡੀਆਂ ਵਲੋਂ 35 ਲੱਖ ਤੋਂ ਵੱਧ ਦਾ ਤੇਲ
ਮਚਾ ਦਿਤਾ ਗਿਆ ਜਦਕਿ ਹਜ਼ਾਰਾਂ ਦੀ ਤਾਦਾਦ 'ਚ ਟ੍ਰੇਨਿੰਗ ਕੇਂਦਰਾਂ ਤੋਂ ਪੁਲਿਸ ਜਵਾਨਾਂ
ਨੂੰ ਨਾਕਿਆਂ ਅਤੇ ਹੋਰ ਸਥਾਨਾਂ 'ਤੇ ਭੇਜਣ ਲਈ ਢੋਆ-ਢੁਆਈ ਵਾਸਤੇ ਲਈਆਂ ਗੱਡੀਆਂ ਦਾ
ਕਿਰਾਇਆ 32 ਲੱਖ ਦੇ ਕਰੀਬ ਪੈ ਗਿਆ।
ਸੂਤਰਾਂ ਅਨੁਸਾਰ ਸੌਦਾ ਸਾਧ ਦੇ ਚੇਲਿਆਂ ਨੂੰ
ਕਾਬੂ ਕਰਨ ਲਈ ਇਕੱਲੀ ਬਠਿੰਡਾ ਪੁਲਿਸ ਵਲੋਂ ਇਕ ਹਫ਼ਤੇ 'ਚ ਸਾਢੇ ਅੱਠ ਕਰੋੜ ਖ਼ਰਚ ਕਰ ਦਿਤੇ
ਗਏ। ਇਸੇ ਤਰ੍ਹਾਂ ਮਾਨਸਾ ਪੁਲਿਸ ਨੂੰ ਵੀ ਸੌਦਾ ਸਾਧ ਵਿਵਾਦ ਪੌਣੇ ਪੰਜ ਕਰੋੜ 'ਚ ਪਿਆ
ਹੈ। ਮਾਲਵਾ ਪੱਟੀ 'ਚ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਹੀ ਸੌਦਾ ਸਾਧ ਦੇ ਪ੍ਰੇਮੀਆਂ
ਦਾ ਸੱਭ ਤੋਂ ਜਿਆਦਾ ਪ੍ਰਭਾਵ ਹੈ। ਸਾਲ 2007 ਵਿਚ ਹੋਏ ਵਿਵਾਦ ਦੌਰਾਨ ਇਥੇ ਹੀ ਪ੍ਰੇਮੀਆਂ
ਨੇ ਵੱਡੇ ਪੱਧਰ 'ਤੇ ਅੱਗਾਂ ਲਗਾ ਕੇ ਸਾੜ ਫ਼ੂਕ ਕੀਤੀ ਸੀ। ਅੱਜ ਪੰਜਾਬ ਪੁਲਿਸ
ਹੈੱਡਕੁਆਰਟਰ ਰਾਹੀ ਬਠਿੰਡਾ ਜ਼ੋਨ ਅਧੀਨ ਪੈਂਦੇ ਸੱਤ ਜ਼ਿਲ੍ਹਿਆਂ ਦੀ ਪੁਲਿਸ ਵਲੋਂ ਪੰਜਾਬ
ਸਰਕਾਰ ਕੋਲ 30 ਕਰੋੜ ਰੁਪਏ ਦੀ ਖ਼ਰਚ ਹੋਈ ਰਾਸ਼ੀ ਦੀ ਮੰਗ ਕੀਤੀ ਹੈ।
ਸੂਤਰਾਂ ਅਨੁਸਾਰ
ਜ਼ਿਆਦਾਤਰ ਤੇਲ ਅਤੇ ਹੋਰ ਸਾਜੋ-ਸਮਾਨ ਪੁਲਿਸ ਵਲੋਂ ਅਪਣੇ ਅਸਰ-ਰਸੂਖ਼ ਨਾਲ ਹੱਥਧਾਰ ਹੀ
ਖ਼ਰੀਦਿਆ ਗਿਆ ਹੈ। ਪੰਜਾਬ ਸਰਕਾਰ ਵਲੋਂ ਫ਼ੰਡ ਭੇਜਣ ਤੋਂ ਬਾਅਦ ਪਟਰੌਲ ਪੰਪਾਂ 'ਤੇ ਕਿਰਾਏ
ਦੀਆਂ ਗੱਡੀਆਂ ਦੇ ਬਕਾਏ ਉਤਾਰੇ ਜਾਣਗੇ। ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਵੀ ਪੰਜਾਬ
ਸਰਕਾਰ ਕੋਲੋ 4 ਕਰੋੜ 82 ਲੱਖ ਮੰਗਿਆ ਹੈ ਜਦਕਿ ਫ਼ਰੀਦਕੋਟ ਪੁਲਿਸ ਦਾ ਸੌਦਾ ਸਾਧ ਵਿਵਾਦ
'ਚ 4 ਕਰੋੜ 35 ਲੱਖ ਦਾ ਖ਼ਰਚਾ ਆ ਗਿਆ।
ਪੁਲਿਸ ਅਧਿਕਾਰੀਆਂ ਮੁਤਾਬਕ ਅੱਜ ਪੰਜਾਬ
ਸਰਕਾਰ ਕੋਲ 30 ਕਰੋੜ ਦੇ ਖ਼ਰਚਿਆਂ ਦੀ ਭੇਜੀ ਸੂਚੀ ਵਿਚ ਕੇਂਦਰੀ ਸੁਰੱਖਿਆ ਬਲਾਂ ਦਾ ਖ਼ਰਚਾ
ਸ਼ਾਮਲ ਨਹੀਂ ਹੈ। ਉਂਜ ਪਹਿਲਾਂ ਇਨ੍ਹਾਂ ਨੂੰ 21 ਤੋਂ 30 ਅਗੱਸਤ ਤਕ ਸਿਰਫ਼ ਦਸ ਦਿਨਾਂ ਲਈ
ਮਾਲਵਾ ਪੱਟੀ 'ਚ ਤੈਨਾਤ ਕਰਨ ਨੂੰ ਕਿਹਾ ਸੀ ਪਰ ਹੁਣ ਮਾਲਵਾ ਪੱਟੀ ਦੇ ਕਈ ਪ੍ਰੇਮੀਆਂ ਦੀ
ਪੰਚਕੂਲਾ 'ਚ ਹੋਈ ਹਿੰਸਾ ਦੌਰਾਨ ਹੋਈ ਮੌਤ ਦੇ ਚੱਲਦੇ ਉਨ੍ਹਾਂ ਦੇ ਭੋਗ ਤਕ ਇਨ੍ਹਾਂ ਨੂੰ
ਰੱਖਣ ਦਾ ਫ਼ੈਸਲਾ ਲਿਆ ਹੈ।
ਬਠਿੰਡਾ ਦੇ ਐਸ.ਐਸ.ਪੀ. ਨਵੀਨ ਸਿੰਗਲਾ ਨੇ ਪੁਸ਼ਟੀ ਕਰਦੇ
ਹੋਏ ਦਸਿਆ ਕਿ ਹਾਲੇ ਤਕ ਹੈੱਡਕੁਆਰਟਰ ਵਲੋਂ ਕੇਂਦਰੀ ਸੁਰੱਖਿਆ ਬਲਾਂ ਦੀ ਮੂਵਮੈਂਟ
ਸਬੰਧੀ ਕੋਈ ਆਦੇਸ਼ ਨਹੀਂ ਆਇਆ। ਦਸਣਾ ਬਣਦਾ ਹੈ ਕਿ ਕੇਂਦਰੀ ਸੁਰੱਖਿਆ ਬਲਾਂ ਦਾ ਖ਼ਰਚਾ ਵੀ
ਪੰਜਾਬ ਨੂੰ ਅਦਾ ਕਰਨਾ ਪੈਣਾ ਹੈ, ਹਾਲਾਂਕਿ ਸੌਦਾ ਸਾਧ ਦਾ ਸਾਰਾ ਮਾਮਲਾ ਇਸ ਵਾਰ ਹਰਿਆਣਾ
ਨਾਲ ਹੀ ਸਬੰਧਤ ਸੀ। ਪਰ ਮਾਲਵਾ ਖੇਤਰ 'ਚ ਡੇਰਾ ਪ੍ਰੇਮੀਆਂ ਦਾ ਵੱਡਾ ਪ੍ਰਭਾਵ ਹੋਣ ਅਤੇ
ਪਿਛਲੇ ਸਮੇਂ ਦੌਰਾਨ ਹੋਈਆਂ ਹਿੰਸਕ ਘਟਨਾਵਾਂ ਦੇ ਚੱਲਦੇ ਪੰਜਾਬ ਦੀ ਕੈਪਟਨ ਹਕੂਮਤ ਨੇ
ਕੋਈ ਰਿਸਕ ਨਹੀਂ ਲਿਆ।
ਸੂਤਰਾਂ ਅਨੁਸਾਰ ਨਿਯਮਾਂ ਮੁਤਾਬਕ ਮਾਲਵਾ ਖੇਤਰ 'ਚ ਤੈਨਾਤ
ਕੀਤੀਆਂ 48 ਕੰਪਨੀਆਂ ਦੇ ਜਵਾਨਾਂ ਤੇ ਅਫ਼ਸਰਾਂ ਦੀ ਤਨਖ਼ਾਹ ਪੰਜਾਬ ਨੂੰ ਅਦਾ ਕਰਨੀ ਪੈਣੀ
ਹੈ। ਇਸ ਤੋਂ ਪਹਿਲਾਂ ਖ਼ਾੜਕੂਵਾਦ ਦੌਰਾਨ ਵੀ ਕੇਂਦਰੀ ਸੁਰੱਖਿਆ ਬਲਾਂ ਕਾਰਨ ਪੰਜਾਬ ਸਿਰ
ਚੜ੍ਹੈ ਕਰਜ਼ੇ ਦਾ ਵਿਵਾਦ ਹਾਲੇ ਤਕ ਚੱਲ ਰਿਹਾ।