ਸੌਦਾ ਸਾਧ ਨੂੰ 20 ਸਾਲ ਦੀ ਸਜ਼ਾ ਹੋਣੀ ਇਤਿਹਾਸਕ ਫ਼ੈਸਲਾ : ਖੰਡੇਵਾਲਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ, 30 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜ ਸਿੰਘ ਸਤਿਨਾਮ ਸਿੰਘ ਖੰਡੇਵਾਲਾ, ਮੰਗਲ ਸਿੰਘ, ਸਤਨਾਮ ਸਿੰਘ ਖ਼ਾਲਸਾ, ਤਰਲੋਕ ਸਿੰਘ, ਮੇਜਰ ਸਿੰਘ ਨੇ ਸਿਰਸਾ ਵਾਲੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਅਦਾਲਤੀ ਫ਼ੈਸਲੇ ਉਪਰੰਤ ਦੀਰਘ ਵਿਚਾਰ ਵਟਾਂਦਰਾ ਕੀਤਾ।
ਪੰਜਾ ਸਿੰਘਾਂ ਨੇ ਕਿਹਾ ਕਿ ਸੌਦਾ ਸਾਧ ਨੂੰ ਸੀ ਬੀ ਆਈ ਦੀ ਅਦਾਲਤ ਵਲੋਂ ਬਲਾਤਕਾਰ ਦਾ ਦੋਸ਼ੀ ਸਾਬਤ ਹੋਣ ਕਰ ਕੇ 20 ਸਾਲ ਦੀ ਸਜ਼ਾ ਸੁਣਾਉਣਾ ਇਕ ਇਤਿਹਾਸਕ ਫ਼ੈਸਲਾ ਹੈ ਜਿਸ ਦਾ ਅਸੀ ਸਵਾਗਤ ਕਰਦੇ ਹਾਂ। ਪਰ ਇਸ ਦੇ ਉਲਟ ਤਖ਼ਤਾਂ ਦੇ 'ਜਥੇਦਾਰਾਂ' ਵਲੋਂ ਸੌਦਾ ਸਾਧ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ੀ ਨੂੰ ਬਿਨਾਂ ਪੇਸ਼ੀ, ਬਿਨਾਂ ਮੰਗੀ ਮਾਫ਼ੀ ਤੇ ਅਪਣੇ ਸਿਆਸੀ ਹਾਕਮਾਂ ਦੇ ਹੁਕਮ ਮੁਤਾਬਕ ਮੁਆਫ਼ ਕਰ ਦਿਤਾ ਸੀ ਜੋ ਕਿ ਪੰਥ ਵਲੋਂ ਪ੍ਰਵਾਨ ਨਾ ਹੋਇਆ ਪਰ 'ਜਥੇਦਾਰਾਂ' ਨੇ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਢਾਹ ਲਾਈ। ਪੰਜਾਂ ਸਿੰਘਾਂ ਨੇ ਅਕਾਲ ਤਖ਼ਤ ਦੀ ਸਰਵਉਚਤਾ, ਪ੍ਰਭੂਸਤਾ, ਮੀਰੀ ਪੀਰੀ ਦੇ ਸਿਧਾਂਤ ਨੂੰ ਕਾਇਮ ਰੱਖਣ ਲਈ ਸਮੁੱਚੇ ਪੰਥ ਨੂੰ ਇਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਕੌਮ ਦੀ ਵਿਗੜੀ ਹਾਲਤ ਨੂੰ ਸੰਵਾਰਨ ਲਈ ਯਤਨਸ਼ੀਲ ਹੋਣ ਦੀ ਅਪੀਲ ਕੀਤੀ।