'ਸੌਦਾ ਸਾਧ ਨੂੰ ਵਿਸ਼ੇਸ਼ ਸਹੂਲਤਾਂ ਦਿਤੇ ਜਾਣ ਦੀਆਂ ਖ਼ਬਰਾਂ ਗ਼ਲਤ'

ਖ਼ਬਰਾਂ, ਪੰਜਾਬ


ਸ਼ਾਹਬਾਦ ਮਾਰਕੰਡਾ, 20 ਸਤੰਬਰ (ਅਵਤਾਰ ਸਿੰਘ): ਹਰਿਆਣਾ ਜੇਲ ਵਿਭਾਗ ਦੇ ਡਾਇਰੈਕਟਰ ਜਰਨਲ ਕੇ.ਪੀ. ਸਿੰਘ ਨੇ ਮੀਡਿਆ ਵਿਚ ਡੇਰਾ ਮੁਖੀ ਗੁਰਮੀਤ ਸਿੰਘ ਦੇ ਸਿਹਤ 'ਤੇ ਵਿਸ਼ੇਸ਼ ਸਹੂਲਤ ਦਿਤੇ ਜਾਣ ਦੀਆ ਖ਼ਬਰਾਂ ਨੂੰ ਗ਼ਲਤ ਦਸਿਆ ਹੈ।

ਉਨ੍ਹਾਂ ਦਸਿਆ ਕਿ ਗੁਰਮੀਤ ਸਿੰਘ ਨੂੰ ਇਕ ਆਮ ਕੈਦੀ ਦੀ ਤਰ੍ਹਾਂ ਰਖਿਆ ਗਿਆ ਹੈ ਅਤੇ ਉਸ ਦਾ ਸਿਹਤ ਠੀਕ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦਸਿਆ ਕਿ ਕਿਸੇ ਵੀ ਕੈਦੀ ਦੇ ਖ਼ੂਨ ਦੇ ਰਿਸ਼ਤੇ ਦੇ ਦੋ ਲੋਕਾਂ ਨਾਲ ਫ਼ੋਨ 'ਤੇ ਗੱਲ ਕਰਵਾਉਣ ਦਾ ਜੇਲ ਦਾ ਨਿਯਮ ਹੈ। ਇਨ੍ਹਾਂ ਫ਼ੋਨ ਨੰਬਰਾਂ ਦੀ ਪੁਲਿਸ ਜਾਂਚ ਤੋਂ ਬਾਅਦ ਹੀ ਕੈਦੀ ਦੀ ਗੱਲ ਕਰਵਾਈ ਜਾਂਦੀ ਹੈ। ਗੁਰਮੀਤ ਸਿੰਘ ਨੇ ਦੋ ਫ਼ੋਨ ਨੰਬਰ ਦਿਤੇ ਹਨ, ਜਿਨ੍ਹਾਂ ਵਿਚ ਇਕ ਨੰਬਰ ਹਨੀਪ੍ਰੀਤ ਦਾ ਹੈ, ਜਦੋਂ ਕਿ ਦੂਜਾ ਉਸ ਦਾ ਖ਼ੁਦ ਦਾ ਹੈ। ਹਨੀਪ੍ਰੀਤ ਦਾ ਨੰਬਰ ਪਹੁੰਚ ਤੋਂ ਬਾਹਰ ਹੈ ਤੇ ਗੁਰਮੀਤ ਦਾ ਫ਼ੋਨ ਸ਼ਾਇਦ ਡੇਰੇ ਵਿਚ ਛੱਡ ਕੇ ਆਏ ਸਨ। ਇਨ੍ਹਾਂ ਨੰਬਰਾਂ ਦੀ ਅਜੇ ਤਕ ਪੁਲਿਸ ਜਾਂਚ ਨਹੀਂ ਹੋਈ, ਇਸ ਲਈ ਗੁਰਮੀਤ ਸਿੰਘ ਫ਼ੋਨ ਦੀ ਸਹੂਲਤ ਦਾ ਫ਼ਾਇਦਾ ਨਹੀਂ ਚੁੱਕ ਪਾਇਆ ਹੈ।

ਉਨ੍ਹਾਂ ਨੇ ਇਹ ਵੀ ਦਸਿਆ ਕਿ ਸੁਰੱਖਿਆ ਦੀ ਨਜ਼ਰ ਨਾਲ ਗੁਰਮੀਤ ਸਿੰਘ ਦੀ ਬੈਰਕ ਵਿਚ ਕੁਝ ਹੀ ਕੈਦੀਆਂ ਨੂੰ ਜਾਣ ਦੀ ਇਜਾਜ਼ਤ ਹੈ। ਪੁਲਿਸ, ਇੰਟੈਲੀਜੈਂਸ ਤੇ ਹੋਰ ਸੁਰੱਖਿਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ 'ਤੇ ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਰਿਹਾ ਹੈ। ਜੇਲ ਪ੍ਰਬੰਧਨ ਉਸ ਆਧਾਰ 'ਤੇ ਉਨ੍ਹਾਂ ਦੀ ਬੈਰਕ ਤਕ ਹਰੇਕ ਕੈਦੀ ਨੂੰ ਜਾਣ ਨਹੀਂ ਦੇ ਰਿਹਾ ਹੈ। ਇਸ ਸਵਾਲ ਦੇ ਜਵਾਬ ਵਿਚ ਉਨ੍ਹਾਂ ਦਸਿਆ ਕਿ ਜੇਲ੍ਹ ਤੋਂ ਬਾਹਰ ਆ ਕੇ ਜੋ ਕੈਦੀ ਮੀਡਿਆ ਵਿਚ ਇੰਟਰਵਿਊ ਦੇ ਰਹੇ ਹਨ, ਉਨ੍ਹਾਂ ਦੀ ਗੁਰਮੀਤ ਸਿੰਘ ਦੀ ਬੈਰਕ ਤਕ ਪਹੁੰਚ ਨਹੀਂ ਸੀ।

ਉਨ੍ਹਾਂ ਦਸਿਆ ਕਿ ਕੈਦੀਆਂ ਨਾਲ ਮੁਲਾਕਾਤ ਕਰਨ ਆਉਣ ਵਾਲਿਆਂ ਦੀ ਵੀਡਿਉਗ੍ਰਾਫ਼ੀ ਕਰਵਾਈ ਜਾਂਦੀ ਹੈ। ਗੁਰਮੀਤ ਸਿੰਘ ਨੂੰ ਜੇਲ੍ਹ ਵਿਚ ਮਿਲਣ ਆਈ ਉਸ ਦੀ ਮਾਂ ਦੀ ਗੋਦ ਵਿਚ ਸਿਰ ਰੱਖ ਦੇ ਗੁਰਮੀਤ ਦੇ ਰੋਣ ਦੀ ਖ਼ਬਰਾਂ ਗ਼ਲਤ ਹਨ, ਕਿਉਂ ਕਿ ਮੁਲਾਕਾਤੀ ਤੇ ਕੈਦੀ ਵਿਚਕਾਰ ਸ਼ੀਸ਼ੇ ਤੇ ਜਾਲੀ ਹੁੰਦੀ ਹੈ, ਇਸ ਲਈ ਇਹ ਮੁਸ਼ਕਲ ਹੈ।

ਪਿਛਲੇ 25 ਦਿਨਾਂ ਤੋਂ ਮੀਡਿਆ ਵਿਚ ਗੁਰਮੀਤ ਸਿੰਘ ਦੇ ਖਾਣ ਤੇ ਸਿਹਤ ਸਬੰਧੀ ਆ ਰਹੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਦਸਿਆ ਤੇ ਕਿਹਾ ਕਿ ਇਹ ਆਮ ਕੈਦੀ ਦੀ ਤਰ੍ਹਾਂ ਤੇ ਅਨੁਸ਼ਾਸਨਿਤ ਢੰਗ ਨਾਲ ਰਹਿ ਰਿਹਾ ਹੈ।

ਜੇਲ ਵਿਚ ਉਨ੍ਹਾਂ ਦੇ ਕੰਮ ਵੰਡ ਦੇ ਸਵਾਲ 'ਤੇ ਜੇਲ ਵਿਭਾਗ ਦੇ ਡਾਇਰੈਕਟਰ ਜਰਨਲ ਕੇ.ਪੀ.ਸਿੰਘ ਨੇ ਕਿਹਾ ਕਿ ਸੁਰੱਖਿਆ ਦੀ ਨਜ਼ਰ ਨੂੰ ਧਿਆਨ ਵਿਚ ਰਖਦੇ ਹੋਏ ਜੇਲ ਪ੍ਰਸ਼ਾਸਨ ਨੇ ਗੁਰਮੀਤ ਸਿੰਘ ਲਈ ਖੇੜੀਬਾੜੀ ਦਾ ਕੰਮ ਨਿਰਧਾਰਤ ਕੀਤਾ ਹੈ। ਉਸ ਨੂੰ ਸਬਜ਼ੀਆਂ ਲਗਾਉਣ ਦਾ ਕੰਮ ਦਿਤਾ ਗਿਆ ਹੈ, ਜਿਸ ਲਈ 20 ਰੁਪਏ ਦਿਹਾੜੀ ਦਿਤੀ ਜਾਵੇਗੀ।