ਸਿਆਸੀ ਨੇਤਾਵਾਂ ਨੂੰ ਹੁਣ ਸੌਦਾ ਸਾਧ ਦੇ ਗੁਣ ਨਹੀਂ ਗਾਉਣੇ ਚਾਹੀਦੇ : ਚੌਬੇ

ਖ਼ਬਰਾਂ, ਪੰਜਾਬ

ਚੰਡੀਗੜ੍ਹ, 11 ਸਤੰਬਰ (ਜੀ.ਸੀ. ਭਾਰਦਵਾਜ): ਸਿਰਸਾ ਡੇਰੇ ਦੀ ਪਿਛਲੇ ਚਾਰ ਦਿਨ ਤੋਂ ਜਾਂਚ ਦੌਰਾਨ ਸਨਸਨੀਖੇਜ਼ ਘਟਨਾਵਾਂ ਦਾ ਪਤਾ ਲੱਗਾ ਹੈ ਜਿਸ ਵਿਚ ਬਿਨਾਂ ਦਸਤਾਵੇਜ਼ਾਂ ਤੇ ਗ਼ੈਰ ਕਾਨੂੰਨੀ ਢੰਗ ਨਾਲ 14 ਲਾਸ਼ਾਂ ਲਖਨਊ ਹਸਪਤਾਲ ਵਿਖੇ ਭੇਜਣਾ ਵੀ ਸ਼ਾਮਲ ਹੈ। ਕੇਂਦਰ ਨੇ ਹਰਿਆਣਾ ਸਰਕਾਰ ਦੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਾਨੂੰਨੀ ਤੇ ਡਾਕਟਰੀ ਮਾਹਰਾਂ ਦੀ ਕਮੇਟੀ ਬਣਾਈ ਹੈ ਜੋ ਸਾਰੇ ਪੱਖਾਂ 'ਤੇ ਵਿਚਾਰ ਕਰ ਕੇ ਛੇਤੀ ਅਪਣੀ ਰੀਪੋਰਟ ਸੌਂਪੇਗੀ।
ਅੱਜ ਇਥੇ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਦਸਿਆ ਕਿ ਕਮੇਟੀ ਦੀ ਰੀਪੋਰਟ ਉਪ੍ਰੰਤ ਸੌਦਾ ਸਾਧ ਅਤੇ ਡੇਰੇ ਦੇ ਡਾਕਟਰਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਡੇਰੇ ਵਿਚ ਜ਼ਮੀਨਦੋਜ਼ ਲਾਸ਼ਾਂ ਜਾਂ ਪਿੰਜਰ ਦਬੇ ਹੋਣ ਬਾਰੇ ਵੀ ਕਾਨੂੰਨੀ ਪਹਿਲੂਆਂ 'ਤੇ ਵਿਚਾਰ ਕਰਨ ਉਪ੍ਰੰਤ ਖੁਦਾਈ ਵਗ਼ੈਰਾ ਕਰਨ ਬਾਰੇ ਅਗਲੇ ਕੁੱਝ ਦਿਨਾਂ ਤਕ ਫ਼ੈਸਲਾ ਲਿਆ ਜਾਵੇਗਾ।
ਜਦ ਚੌਬੇ ਦਾ ਧਿਆਨ ਹਰਿਆਣਾ ਭਾਜਪਾ ਮੰਤਰੀਆਂ, ਲੀਡਰਾਂ ਵਲੋਂ ਸੌਦਾ ਸਾਧ ਨਾਲ ਕੀਤੀ ਜਾ ਰਹੀ ਹਮਦਰਦੀ ਵਲ ਦਿਵਾਇਆ ਗਿਆ ਤਾਂ ਉਨ੍ਹਾਂ ਤਾੜਨਾ ਕੀਤੀ ਕਿ ਸੌਦਾ ਸਾਧ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾ ਫ਼ਾਸ਼ ਹੋ ਗਿਆ ਹੈ, ਸਾਰਾ ਸਮਾਜ ਉਸ ਨਾਲ ਨਫ਼ਰਤ ਕਰਦਾ ਹੈ ਅਤੇ ਭਾਜਪਾ ਆਗੂਆਂ ਨੂੰ ਹੁਣ ਬਾਬੇ ਪ੍ਰਤੀ ਨਜ਼ਰੀਆ ਬਦਲਣਾ ਚਾਹੀਦਾ ਹੈ। ਸਿਆਸੀ ਨੇਤਾਵਾਂ ਨੂੰ ਹੁਣ ਤਾਂ ਅਕਲ ਆ ਜਾਣੀ ਚਾਹੀਦੀ ਹੈ ਕਿ ਕਾਨੂੰਨ ਤੇ ਸਮਾਜ ਵਲੋਂ ਲਤਾੜੇ ਹੋਏ ਸੌਦਾ ਸਾਧ ਦੇ ਗੁਣ ਨਹੀਂ ਗਾਉਣੇ ਚਾਹੀਦੇ।
ਮੋਦੀ ਮੰਤਰੀ ਮੰਡਲ ਵਿਚ ਪਿਛਲੇ ਹਫ਼ਤੇ ਹੀ ਆਏ ਇਸ ਸਿਹਤ ਰਾਜ ਮੰਤਰੀ ਨੇ ਕਈ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਦੇਸ਼ ਵਿਚ ਸਵੱਛਤਾ ਮੁਹਿੰਮ ਚਲਾਉਣ ਦਾ ਮਤਲਬ ਸਿਰਫ਼ ਆਲੇ-ਦੁਆਲੇ ਦੀ ਸਫ਼ਾਈ ਕਰਨਾ ਹੀ ਨਹੀਂ ਹੈ ਬਲਕਿ ਸਿਆਸੀ ਲੀਡਰਾਂ ਨੂੰ ਖ਼ੁਦ ਦੀ ਮਾਨਸਿਕਤਾ, ਸਫ਼ਾਈ ਅਤੇ ਸਵੱਛਤਾ ਵਲ ਧਿਆਨ ਦੇਣਾ ਚਾਹੀਦਾ ਹੈ। ਕੇਂਦਰੀ ਮੰਤਰੀ ਨੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦਾ ਵਪਾਰੀਕਰਨ ਰੋਕਣ, ਦਵਾਈਆਂ 'ਤੇ ਟੈਕਸ ਘਟਾਉਣ ਅਤੇ ਸਿਹਤ ਸੇਵਾਵਾਂ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਆਧੁਨਿਕ ਯੁਗ ਦੀਆਂ ਖੋਜਾਂ ਦੇ ਚਲਦਿਆਂ ਦੇਸ਼ ਦੇ ਪੁਰਾਣੀ ਆਯੂਰਵੈਦਿਕ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇਗਾ।
ਚੌਬੇ ਨੇ ਦਸਿਆ ਕਿ ਅਗਲੇ ਪੰਜ ਸਾਲਾਂ ਵਿਚ ਸਵੱਛ ਭਾਰਤ ਸਿਹਤਮੰਦ ਦੇਸ਼ ਦੀ ਸਕੀਮ ਹੇਠ, ਏਮਜ਼ ਪੱਧਰ ਦੇ ਨਵੇਂ ਹਸਪਤਾਲ ਸਥਾਪਤ ਕੀਤੇ ਜਾ ਰਹੇ ਹਨ। ਚੰਡੀਗੜ੍ਹ ਵਿਚ ਸੀਜੀਐਚਐਸ ਯਾਨੀ ਕੇਂਦਰੀ ਸਿਹਤ ਯੋਜਨਾ, ਸੀਨੀਅਰ ਸਿਟੀਜਨ ਲਈ ਸਿਹਤ ਸੰਭਾਲ ਦੀ ਪ੍ਰਕਿਰਿਆ, ਮੀਡੀਆ ਮੁਲਾਜ਼ਮਾਂ ਲਈ ਵਖਰੇ ਪ੍ਰਬੰਧ ਸਬੰਧੀ ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਸਹੂਲਤਾਂ ਬਾਰੇ ਦਿੱਲੀ ਜਾ ਕੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਕਰਨਗੇ ਅਤੇ ਬਣਦਾ ਫ਼ੈਸਲਾ ਦੇਣਗੇ। ਅਸ਼ਵਨੀ ਕੁਮਾਰ ਚੌਬੇ ਬਿਹਾਰ ਦੇ ਭਾਗਲਪੁਰ ਇਲਾਕੇ ਵਿਚ ਪੰਜ ਵਾਰ ਵਿਧਾਇਕ ਰਹੇ ਹਨ, ਉਥੇ ਰਾਜ ਸਰਕਾਰ ਵਿਚ ਮੰਤਰੀ ਵੀ ਸਨ, ਹੁਣ ਪਿਛਲੇ ਹਫ਼ਤੇ ਕੇਂਦਰੀ ਮੰਤਰੀ ਮੰਡਲ ਦੇ ਕੀਤੇ ਵਿਸਤਾਰ ਵਿਚ ਉਨ੍ਹਾਂ ਰਾਜ ਮੰਤਰੀ ਦੀ ਸਹੁੰ ਚੁੱਕੀ ਸੀ।  ਅੱਜ ਇਥੇ ਉਹ ਸਵਾਮੀ ਵਿਵੇਕਾਨੰਦ ਵਲੋਂ 11 ਸਤੰਬਰ 1893 ਨੂੰ ਸ਼ਿਕਾਗੋ ਵਿਚ ਦਿਤੇ ਭਾਸ਼ਨ ਸਬੰਧੀ 125ਵੇਂ ਸਾਲਾਨਾ ਉਤਸਵ ਦੇ ਸਮਾਰੋਹ ਵਿਚ ਹਿੱਸਾ ਲੈਣ ਆਏ ਸਨ।