ਸਿੰਚਾਈ ਵਿਭਾਗ ਵਿਚ ਹੋਏ ਕਰੋੜਾਂ ਦੇ ਘਪਲੇ ਵਿਚ ਇਕ ਹੋਰ ਕੇਸ ਦਰਜ

ਖ਼ਬਰਾਂ, ਪੰਜਾਬ

ਐਸ.ਏ.ਐਸ. ਨਗਰ, 12 ਮਾਰਚ (ਪ੍ਰਭਸਿਮਰਨ ਸਿੰਘ ਘੱਗਾ) : ਸਿੰਚਾਈ ਵਿਭਾਗ ਵਿਚ ਹੋਏ ਕਰੋੜਾਂ ਰੁਪਏ ਦੇ ਘੋਟਾਲੇ ਵਿਚ ਵਿਜੀਲੈਂਸ ਵਲੋਂ ਠੇਕੇਦਾਰ ਗੁਰਿੰਦਰ ਸਿੰਘ ਅਤੇ ਰਿਟਾਇਰਡ ਚੀਫ ਇੰਜੀਨੀਅਰ ਹਰਵਿੰਦਰ ਅਤੇ ਹੋਰ ਮੁਲਜ਼ਮਾਂ ਵਿਰੁਧ ਇਕ ਹੋਰ ਐਫ.ਆਈ.ਆਰ. ਦਰਜ ਕਰ ਦਿਤੀ ਗਈ ਹੈ। ਸੋਮਵਾਰ ਨੂੰ ਵਿਜੀਲੈਂਸ ਦੋਵੇਂ ਮੁਲਜ਼ਮਾਂ ਨੂੰ ਪਹਿਲੀ ਵਾਰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ। ਇਸ ਦੌਰਾਨ ਵਿਜੀਲੈਂਸ ਨੇ ਦਲੀਲ ਦਿਤੀ ਕਿ ਕੁੱਝ ਦਿਨ ਪਹਿਲਾਂ ਇਸ ਮਾਮਲੇ ਵਿਚ ਉਨ੍ਹਾਂ ਨੇ ਵਿਭਾਗ ਤੋਂ ਰਿਟਾਇਰਡ ਐਸ.ਸੀ. ਦੀਪਇੰਦਰ ਸਿੰਘ ਵਾਲੀਆ ਨੂੰ ਕਾਬੂ ਕੀਤਾ ਸੀ, ਉਥੇ ਹੀ ਹੁਣ ਤਿੰਨਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿਛ ਕਰਨੀ ਹੈ। ਉਥੇ ਹੀ, ਮੁਲਜ਼ਮਾਂ ਵਿਰੁਧ ਇਕ ਹੋਰ ਕੇਸ ਦਰਜ ਕੀਤਾ ਹੈ। ਇਸ ਤੋਂ ਬਾਅਦ ਅਦਾਲਤ ਨੇ ਦੋਵੇਂ ਧਿਰਾਂ ਦੇ ਵਕੀਲਾਂ ਦੀ ਦਲੀਲ ਸੁਣਨ ਤੋਂ ਬਾਅਦ ਮੁਲਜ਼ਮਾਂ ਦਾ ਦੋ ਦਿਨ ਦਾ ਰਿਮਾਂਡ ਵਿਜੀਲੈਂਸ ਨੂੰ ਦੇ ਦਿਤਾ ਹੈ।
ਜਾਣਕਾਰੀ ਮੁਤਾਬਕ ਵਿਜੀਲੈਂਸ ਮੁਲਜ਼ਮਾਂ ਨੂੰ ਦੁਪਹਿਰ ਦੇ ਸਮੇਂ ਅਦਾਲਤ ਵਿਚ ਲੈ ਕੇ ਪਹੁੰਚੀ। ਉਥੇ ਹੀ, ਇਸ ਦੌਰਾਨ ਮੁਲਜ਼ਮਾਂ ਦੇ ਰਿਸ਼ਤੇਦਾਰ ਅਤੇ ਵਕੀਲ ਪਹਿਲਾਂ ਹੀ ਅਦਾਲਤ ਵਿਚ ਪਹੁੰਚ ਚੁੱਕੇ ਸਨ। ਇਸ ਦੌਰਾਨ ਜਿਵੇਂ ਹੀ ਮੁਲਜ਼ਮ ਨੂੰ ਵਿਜੀਲੈਂਸ ਨੇ ਅਦਾਲਤ ਵਿਚ ਪੇਸ਼ ਕੀਤਾ। ਇਸ ਦੌਰਾਨ ਵਿਜੀਲੈਂਸ ਨੇ ਰਿਮਾਂਡ ਲੈਣ ਲਈ ਦਲੀਲ ਦਿਤਾ ਕਿ ਸ਼ਾਹਪੁਰ ਕੰਢੀ ਪ੍ਰਾਜੈਕਟ ਦੇ ਕੰਮ ਵਿਚ ਕਈ ਕਮੀਆਂ ਸਾਹਮਣੇ ਆਈਆਂ ਹਨ। 

ਇਕ ਤਾਂ ਰੋਜ਼ਾਨਾ ਮੇਜ਼ਰਿੰਗ ਬੁੱਕ ਮੇਂਟੇਂਨ ਨਹੀਂ ਕੀਤੀ ਸੀ ਅਤੇ ਨਾ ਹੀ ਪ੍ਰਾਜੈਕਟ ਆਰ.ਡੀ. ਸੀ। ਦੂਜਾ ਇਹ ਪ੍ਰਾਜੈਕਟ ਸਵਾ ਅੱਠ ਕਰੋੜ ਦਾ ਸੀ। ਜਦਕਿ ਗੁਰਿੰਦਰ ਸਿੰਘ ਨੇ ਸੱਭ ਤੋਂ ਘੱਟ ਬੋਲੀ ਦੇ ਕੇ ਪ੍ਰਾਜੈਕਟ ਦਾ ਕੰਮ ਹਾਸਲ ਕੀਤਾ ਸੀ, ਨਾਲ ਹੀ ਬਾਅਦ ਵਿਚ ਅਫ਼ਸਰਾਂ ਦੇ ਨਾਲ ਮਿਲ ਕੇ ਵਿਭਾਗ ਨੂੰ ਚੂਨਾ ਲਗਾਇਆ। ਇਸ ਪ੍ਰਾਜੈਕਟ ਦੀ ਲਾਗਤ 14 ਕਰੋੜ ਤਕ ਪਹੁੰਚ ਗਈ ਸੀ। ਇਨ੍ਹਾਂ ਨੇ ਪ੍ਰਾਜੈਕਟ ਵਿਚ ਕਈ ਕੰਮ ਕਰਨ ਦੇ ਦਾਅਵੇ ਕੀਤੇ। ਉਥੇ ਹੀ, ਅਦਾਲਤ ਵਿਚ ਮੁਲਜ਼ਮ ਦੇ ਵਕੀਲਾਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਮੇਜ਼ਰਿੰਗ ਰੀਪੋਰਟ ਅਤੇ ਆਰ.ਡੀ. ਦਾ ਠੇਕੇਦਾਰ ਅਤੇ ਚੀਫ਼ ਇੰਜੀਨੀਅਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਸਾਰਾ ਲੈਣਾ-ਦੇਣਾ ਜੇ.ਈ. ਅਤੇ ਐਕਸੀਅਨ ਨਾਲ ਹੈ। ਅਜਿਹੇ ਵਿਚ ਇਹ ਗੱਲ ਉਨ੍ਹਾਂ ਤੋਂ ਪੁੱਛੀ ਜਾਵੇ ਕਿ ਆਖ਼ਰ ਇਹ ਕਮੀਆਂ ਕਿਉਂ ਹਨ। ਦੂਜੇ ਪਾਸੇ ਮੁਲਜ਼ਮਾਂ ਦੇ ਵਕੀਲ ਨੇ ਕਿਹਾ ਕਿ ਵਿਜੀਲੈਂਸ ਨੇ 90 ਦਿਨਾਂ ਵਿਚ ਪੂਰਾ ਚਾਲਾਨ ਪੇਸ਼ ਨਹੀਂ ਕੀਤਾ ਹੈ। ਅਜਿਹੇ ਵਿਚ ਮੁਲਜ਼ਮ ਬਾਹਰ ਨਾ ਆ ਜਾਵੇ। ਇਸ ਲਈ ਦੂਜਾ ਕੇਸ ਦਰਜ ਕੀਤਾ ਹੈ, ਨਾਲ ਹੀ ਅਦਾਲਤ ਨੇ ਮੁਲਜ਼ਮਾਂ ਨੂੰ 14 ਮਾਰਚ ਤਕ ਰੀਮਾਂਡ ਉਤੇ ਭੇਜ ਦਿਤਾ।