ਚੰਡੀਗੜ੍ਹ, 28 ਫ਼ਰਵਰੀ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਸਰਕਾਰ ਵਲੋਂ ਸ਼ਹਿਰੀਆਂ ਨੂੰ ਘਰ ਬੈਠਿਆਂ ਸੁਖਾਲੀਆਂ ਤੇ ਪਾਰਦਰਸ਼ੀ ਸੇਵਾਵਾਂ ਦੇਣ ਦੀ ਦਿਸ਼ਾ ਵਿਚ ਵੱਡਾ ਕਦਮ ਪੁੱਟਦਿਆਂ ਸਥਾਨਕ ਸਰਕਾਰਾਂ ਵਿਭਾਗ ਵਲੋਂ ਨੰਦਨ ਨੀਲਕੇਨੀ ਦੀ ਕੰਪਨੀ ਈ-ਗਵ ਨਾਲ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਸਹੀਬੱਧ ਕੀਤਾ ਗਿਆ। ਇਹ ਸਮਝੌਤਾ ਅੱਜ ਇਥੇ ਸਥਿਤ ਪੰਜਾਬ ਮਿਉਂਸਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਸ੍ਰੀ ਅਜੋਏ ਸ਼ਰਮਾ ਤੇ ਈ-ਗਵ ਦੇ ਸੀ.ਈ.ਓ. ਵਿਰਾਜ ਤਿਆਗੀ ਵਿਚਾਲੇ ਸਹੀਬੱਧ ਹੋਇਆ। ਇਸ ਮੌਕੇ ਈ-ਗਵ ਦੇ ਡਾਇਰੈਕਟਰ ਸ੍ਰੀ ਭਾਰਗਾਵਾ ਵੀ ਹਾਜ਼ਰ ਸਨ।ਪ੍ਰੈਸ ਦੇ ਨਾਂ ਜਾਰੀ ਬਿਆਨ ਵਿਚ ਸ. ਸਿੱਧੂ ਨੇ ਕਿਹਾ ਕਿ ਪੰਜਾਬ ਦੇ ਸਮੂਹ ਸ਼ਹਿਰਾਂ ਤੇ ਕਸਬਿਆਂ ਦੇ ਨਿਵਾਸੀਆਂ ਨੂੰ ਇਕ ਸਾਲ ਦੇ ਅੰਦਰ 12 ਵਰਗਾਂ ਦੇ ਅੰਤਰਗਤ 67 ਆਨਲਾਈਨ ਸੇਵਾਵਾਂ ਮੁਹਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦਸਿਆ ਕਿ ਇਹ ਸੇਵਾਵਾਂ ਪ੍ਰਾਪਰਟੀ ਟੈਕਸ, ਜਲ ਤੇ ਸੀਵਰੇਜ ਪ੍ਰਬੰਧਨ, ਸ਼ਿਕਾਇਤਾਂ, ਫ਼ਾਇਰ ਸੇਵਾਵਾਂ, ਵੈਰੀਫ਼ੀਕੇਸ਼ਨ, ਜਨਮ ਤੇ ਮੌਤ ਸਰਟੀਫ਼ੀਕੇਟ,
ਸ਼ਹਿਰੀ ਸਥਾਨਕ ਇਕਾਈਆਂ ਦੇ ਵੈਬ ਪੋਰਟਲ, ਮੋਬਾਈਲ ਐਪ, ਸਟੇਟ ਤੇ ਸ਼ਹਿਰੀ ਸਥਾਨਕ ਇਕਾਈਆਂ ਡੈਸ਼ਬੋਰਡ, ਪੇਅਰੋਲ ਅਤੇ ਵਿੱਤੀ ਲੇਖਾ ਪ੍ਰੀਖਣ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਹਿਰੀ ਨੂੰ ਕੋਈ ਵੀ ਸੇਵਾ ਲੈਣ ਲਈ ਦਫ਼ਤਰ ਨਹੀਂ ਜਾਣਾ ਪਵੇਗਾ ਅਤੇ ਉਹ ਘਰ ਬੈਠਿਆਂ ਹੀ ਆਨਲਾਈਨ ਸੇਵਾਵਾਂ ਹਾਸਲ ਕਰ ਸਕਣਗੇ। ਇਸ ਨਾਲ ਭ੍ਰਿਸ਼ਟਾਚਾਰ ਨੂੰ ਨਕੇਲ ਕਸੀ ਜਾਵੇਗੀ ਅਤੇ ਦਫ਼²ਤਰਾਂ ਵਿਚ ਖੱਜਲ-ਖੁਆਰੀ ਵੀ ਬੰਦ ਹੋਵੇਗੀ।ਪੰਜਾਬ ਮਿਉਂਸਪਲ ਭਵਨ ਵਿਖੇ ਹੀ ਇਕ ਹੋਰ ਮੀਟਿੰਗ ਵਿਚ ਸ.ਸਿੱਧੂ ਅਤੇ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਨੈਸ਼ਨਲ ਐਨਵਾਇਰਮੈਂਟਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ (ਨੀਰੀ) ਦੇ ਅਧਿਕਾਰੀਆਂ ਨਾਲ ਸ਼ਹਿਰਾਂ ਦੇ ਨਾਲਿਆਂ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਸਫ਼ਾਈ ਦੇ ਪ੍ਰਾਜੈਕਟ ਦਾ ਮੁਲਾਂਕਣ ਕੀਤਾ ਗਿਆ। ਵਿਭਾਗ ਵਲੋਂ ਇਸ ਪ੍ਰਾਜੈਕਟ ਸਬੰਧੀ ਨੀਰੀ ਨਾਲ ਬੀਤੇ ਦਿਨੀਂ ਸਮਝੌਤਾ ਕੀਤਾ ਸੀ। ਸ.ਸਿੱਧੂ ਨੇ ਨੀਰੀ ਦੇ ਡਾਇਰੈਕਟਰ ਡਾ. ਟੀ.ਬੈਨਰਜੀ ਅਤੇ ਸੀਨੀਅਰ ਸਾਇੰਸਦਾਨਾਂ ਰਾਕੇਸ਼ ਵਰਮਾ ਤੇ ਰਮਨ ਸ਼ਰਮਾ ਨੇ ਕਿਹਾ ਕਿ ਉਹ ਅਪਣੇ ਪ੍ਰਾਜੈਕਟ ਵਿਚ ਬਾਬਾ ਸੀਚੇਵਾਲ ਦੀ ਮਦਦ ਲੈਣ। ਬਾਬਾ ਸੀਚੇਵਾਲ ਨੇ ਕੰਪਨੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਤਰ੍ਹਾਂ ਦੀ ਮਦਦ ਮੁਹਈਆ ਕਰਵਾਉਣਗੇ।