ਚੰਡੀਗੜ੍ਹ,24 ਜਨਵਰੀ (ਸਸਸ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਵਲੋਂ ਕੀਤੀਆਂ ਨਗਰ ਨਿਗਮਾਂ ਦੇ ਮੇਅਰਾਂ ਦੀਆਂ ਨਿਯੁਕਤੀਆਂ ਦਾ ਵਿਰੋਧ ਕਰ ਕੇ ਰਾਹੁਲ ਗਾਂਧੀ ਦੀ ਅਥਾਰਟੀ ਨੂੰ ਸਿੱਧੀ ਚੁਨੌਤੀ ਦਿਤੀ ਹੈ। ਉਹ ਇਹ ਗੱਲ ਉੱਤੇ ਜ਼ੋਰ ਦੇ ਰਹੇ ਹਨ ਕਿ ਇਹ ਨਿਯੁਕਤੀਆਂ ਉਨ੍ਹਾਂ ਦੀ ਮਰਜ਼ੀ ਮੁਤਾਬਕ ਕੀਤੀਆਂ ਜਾਣੀਆਂ ਚਾਹੀਦੀਆਂ ਸਨ।
ਕਾਂਗਰਸ ਪਾਰਟੀ ਅੰਦਰ ਵਾਪਰ ਰਹੇ ਤਾਜ਼ਾ ਘਟਨਾਕ੍ਰਮ ਉੱਤੇ ਟਿਪਣੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਸੂਬੇ ਦਾ ਇਕ ਮੰਤਰੀ ਕਾਂਗਰਸ ਪ੍ਰਧਾਨ ਦੀ ਅਥਾਰਟੀ ਮੰਨਣ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਮੇਅਰ ਦੀ ਚੋਣ ਵਾਸਤੇ ਰੱਖੀ ਗਈ ਮੀਟਿੰਗ ਦਾ ਜਿਸ ਤਰੀਕੇ ਨਾਲ ਨਵਜੋਤ ਨੇ ਬਾਈਕਾਟ ਕੀਤਾ ਅਤੇ ਇਥੋਂ ਤਕ ਕਿ ਅਪਣੇ ਵਫ਼ਾਦਾਰ ਕੌਂਸਲਰਾਂ ਨੂੰ ਵੀ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਣ ਦਿੱਤਾ, ਉਸ ਤੋਂ ਇਹ ਗੱਲ ਪੂਰੀ ਤਰ੍ਹਾਂ ਸਾਬਤ ਹੋ ਗਈ ਹੈ।