ਸਿਹਤ ਤੇ ਸਿਖਿਆ ਖੇਤਰਾਂ ਦਾ ਵਿਕਾਸ ਸਰਕਾਰ ਦੀ ਪਹਿਲੀ ਤਰਜੀਹ : ਤ੍ਰਿਪਤ ਬਾਜਵਾ

ਖ਼ਬਰਾਂ, ਪੰਜਾਬ

ਬਟਾਲਾ, 26 ਫ਼ਰਵਰੀ (ਡਾ. ਹਰਪਾਲ ਸਿੰਘ ਬਟਾਲਵੀ, ਗੋਰਾ ਚਾਹਲ, ਬਲਵਿੰਦਰ ਭਂੱਲਾ) : ਸਿਹਤ ਅਤੇ ਸਿਖਿਆ ਦੇ ਖੇਤਰਾਂ ਦਾ ਵਿਕਾਸ ਪੰਜਾਬ ਸਰਕਾਰ ਦੀਆਂ ਮੁੱਖ ਤਰਜੀਹਾਂ ਹਨ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਇਨ੍ਹਾਂ ਦੋਵਾਂ ਖੇਤਰਾਂ ਦੇ ਸੁਧਾਰ ਲਈ ਵੱਡੀਆਂ ਤਬਦੀਲੀਆਂ ਲਿਆਂਦੀ ਜਾ ਰਹੀਆਂ ਹਨ। ਇਹ ਪ੍ਰਗਟਾਵਾ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਭੁੱਲਰ ਦੇ ਮੁੱਢਲੇ ਸਿਹਤ ਕੇਂਦਰ ਵਿਖੇ ਲਗਾਏ ਸਿਹਤ ਜਾਗਰੂਕਤਾ ਮੇਲੇ ਦੌਰਾਨ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਬਾਜਵਾ ਨੇ ਕਿਹਾ ਕਿ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਹੋਰ ਅਮਲੇ ਨੂੰ ਸੱਦਾ ਦਿਤਾ ਕਿ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਅਪਣੀਆਂ ਸੇਵਾਵਾਂ ਨਿਭਾਉਣ ਤਾਂ ਹਰ ਗ਼ਰੀਬ ਤੋਂ ਗ਼ਰੀਬ ਵਿਅਕਤੀ ਤਕ ਸਿਹਤ ਸੇਵਾਵਾਂ ਦਾ ਲਾਭ ਪਹੁੰਚ ਸਕੇ। ਕੈਬਨਿਟ ਮੰਤਰੀ ਸ. ਬਾਜਵਾ ਨੇ ਐਲਾਨ ਕੀਤਾ ਕਿ ਇਲਾਕੇ ਦੀ ਮੰਗ 'ਤੇ ਪਿੰਡ ਭੁੱਲਰ ਦੀ ਪੀ.ਐੱਸ.ਸੀ. ਨੂੰ ਅਪਗਰੇਡ ਕਰ ਕੇ ਸੀ.ਐੱਚ.ਸੀ. ਦਾ ਦਰਜਾ ਦਿਤਾ ਜਾਵੇਗਾ ਅਤੇ ਇਸ ਲਈ ਉਹ ਸਿਹਤ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ। 

ਉਨ੍ਹਾਂ ਕਿਹਾ ਕਿ ਸੀ.ਐੱਚ.ਸੀ. ਬਣਨ ਨਾਲ ਹਸਪਤਾਲ ਦੀ ਨਵੀਂ ਬਿਲਡਿੰਗ ਬਣਨ ਦੇ ਨਾਲ ਮਾਹਿਰ ਡਾਕਟਰਾਂ ਨੂੰ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਇਸ ਪੇਂਡੂ ਖੇਤਰ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮਿਲ ਸਕਣ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ. ਬਾਜਵਾ ਨੇ ਸਿਹਤ ਕੇਂਦਰ ਵਿਚ ਟੀਕਿਆਂ ਨੂੰ ਸੰਭਾਲਣ ਵਾਲੀਆਂ ਮਸ਼ੀਨਾਂ ਦੇ ਯੂਨਿਟ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ। ਇਸ ਮੌਕੇ ਸ. ਬਾਜਵਾ ਨੇ ਸਿਹਤ ਵਿਭਾਗ ਵਲੋਂ ਲਗਾਈ ਸਿਹਤ ਜਾਗਰੂਕਤਾ ਪ੍ਰਦਰਸ਼ਨੀ ਦਾ ਵੀ ਮੁਆਇਨਾ ਕੀਤਾ। ਇਸੇ ਤਰ੍ਹਾਂ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਅੱਜ ਭੁੱਲਰ ਪਿੰਡ ਦੀ ਫੇਰੀ ਦੌਰਾਨ ਪਿੰਡ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦਾ ਦੌਰਾ ਕੀਤਾ ਗਿਆ। ਸਕੂਲ ਦੇ ਦੌਰੇ ਦੌਰਾਨ ਸ. ਬਾਜਵਾ ਨੇ ਕਲਾਸਾਂ ਦਾ ਮੁਆਇਨਾ ਕੀਤਾ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਸਕੂਲ ਪ੍ਰਿੰਸੀਪਲ ਸ. ਰਵਿੰਦਰਪਾਲ ਸਿੰਘ ਚਾਹਲ ਨੇ ਸਕੂਲ ਦੀਆਂ ਪ੍ਰਾਪਤੀ ਦੱਸਣ ਦੇ ਸਕੂਲ ਦੀਆਂ ਮੰਗਾਂ ਬਾਰੇ ਮੰਤਰੀ ਸਾਹਿਬ ਨੂੰ ਜਾਣੂ ਕਰਵਾਇਆ। ਸ. ਬਾਜਵਾ ਨੇ ਸਕੂਲ ਦੀਆਂ ਮੰਗਾਂ ਮੰਨਦਿਆਂ ਐਲਾਨ ਕੀਤਾ ਕਿ ਸਕੂਲ ਵਿਚ ਤਿੰਨ ਨਵੇਂ ਕਲਾਸ ਰੂਮ ਬਣਾਉਣ ਲਈ ਜਲਦੀ ਹੀ ਗ੍ਰਾਂਟ ਦਿਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸ. ਰੁਪਿੰਦਰ ਸਿੰਘ ਸ਼ਾਮਪੁਰਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਭੁੱਲਰ ਵੀ ਮੌਜੂਦ ਸਨ।