ਸ਼ਿਕਾਇਤ ਨਿਵਾਰਣ ਕੈਂਪ 'ਚ ਆਈਆਂ 89 ਸ਼ਿਕਾਇਤਾਂ

ਖ਼ਬਰਾਂ, ਪੰਜਾਬ

ਐਸ.ਏ.ਐਸ. ਨਗਰ, 1 ਫ਼ਰਵਰੀ (ਪ੍ਰਭਸਿਮਰਨ ਸਿੰਘ ਘੱਗਾ): ਪੁੱਡਾ ਵਿਭਾਗ ਅਧੀਨ ਕੰਮ ਕਰਦਿਆਂ ਵੱਖ-ਵੱਖ ਵਿਕਾਸ ਅਥਾਰਟੀਆਂ 'ਚ ਅੱਜ ਲਗਾਏ ਸ਼ਿਕਾਇਤ ਨਿਵਾਰਣ ਕੈਂਪ ਦੇ ਪਹਿਲੇ ਦਿਨ ਕੁਲ 158 ਬਿਨੈਕਾਰ ਮਿਲਖ ਦਫ਼ਤਰ, ਭੋਂ ਪ੍ਰਾਪਤੀ ਕੁਲੈਕਟਰ ਅਤੇ ਇੰਜੀਨੀਅਰਿੰਗ ਵਿੰਗ ਨਾਲ ਸਬੰਧਤ ਸ਼ਿਕਾਇਤਾਂ ਲੈ ਕੇ ਹਾਜ਼ਰ ਹੋਏ। ਗਮਾਡਾ ਦੇ ਖੇਤਰ ਵਿਚ, 89 ਅਰਜ਼ੀਆਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਜੇ.ਡੀ.ਏ. ਵਿਚ 19, ਪੀ.ਡੀ.ਏ ਵਿਚ 18, ਏ.ਡੀ.ਏ ਵਿਚ 14, ਬੀ.ਡੀ.ਏ ਵਿਚ 11 ਅਤੇ ਗਲਾਡਾ ਵਿਚ 7 ਅਰਜ਼ੀਆਂ ਪ੍ਰਾਪਤ ਹੋਈਆਂ। ਪੁੱਡਾ ਭਵਨ 'ਚ ਲਗਾਏ ਕੈਂਪ ਵਿਚ ਪ੍ਰਾਪਤ ਹੋਈਆਂ 89 ਸ਼ਿਕਾਇਤਾਂ ਵਿਚੋਂ 8 ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ, ਬਾਕੀ ਬਚਦੀਆਂ 81 ਸ਼ਿਕਾਇਤਾਂ ਜਿਨ੍ਹਾਂ ਦਾ ਮੌਕੇ 'ਤੇ ਨਿਪਟਾਰਾ ਸੰਭਵ ਨਹੀਂ ਸੀ, 'ਤੇ ਕਾਰਵਾਈ 15 ਦਿਨਾਂ ਦੇ ਅੰਦਰ-ਅੰਦਰ ਕੀਤੀ ਜਾਵੇਗੀ।ਸੈਕਟਰ 76-80 ਦੇ ਅਲਾਟੀਆਂ ਨੇ ਚੱਕੇ ਵਿਕਾਸ ਦੇ ਮੁੱਦੇ : ਗਮਾਡਾ ਖੇਤਰ ਵਿਚ ਪੈਂਦੇ ਸੈਕਟਰ 76-80 ਦੇ ਅਲਾਟੀਆਂ ਨੇ ਵਿਕਾਸ ਦੇ ਮੁੱਦੇ ਨੂੰ ਚੁੱਕਿਆ। ਉਨ੍ਹਾਂ ਕੈਂਪ ਵਿਚ ਮੌਜੂਦ ਅਧਿਕਾਰੀਆਂ ਨੂੰ ਸੜਕਾਂ ਦੀ ਕਾਰਪੈਟਿੰਗ, ਜਨ ਸਿਹਤ, ਸਿਵਲ, ਬਿਜਲੀ ਅਤੇ ਬਾਗ਼ਬਾਨੀ ਨਾਲ ਸਬੰਧਤ ਮੁੱਦਿਆਂ ਨੂੰ ਛੇਤੀ ਤੋਂ ਛੇਤੀ ਨਿਪਟਾਉਣ ਦੀ ਬੇਨਤੀ ਕੀਤੀ। ਮੁੱਖ ਪ੍ਰਸ਼ਾਸਕ, ਗਮਾਡਾ ਨੇ ਇੰਜੀਨੀਅਰਿੰਗ ਵਿੰਗ ਨੂੰ  ਇਨ੍ਹਾਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਨਿਪਟਾਉਣ ਦੇ ਹੁਕਮ ਦਿਤੇ।ਕੁੱਝ ਜ਼ਮੀਨ ਮਾਲਕਾਂ ਵਲੋਂ ਭੋਂ ਪ੍ਰਾਪਤੀ ਕੁਲੈਕਟਰ ਸਨਮੁੱਖ ਮੁਆਵਜ਼ੇ ਸਬੰਧੀ ਮੁੱਦਾ ਚੁੱਕਿਆ। ਭੌਂ ਪ੍ਰਾਪਤੀ ਕੁਲੈਕਟਰ ਵਲੋਂ ਯਕੀਨ ਦੁਆਇਆ ਗਿਆ ਕਿ ਉਨ੍ਹਾਂ ਨੂੰ ਬਣਦਾ ਭੁਗਤਾਨ ਜਲਦੀ ਹੀ ਕਰ ਦਿਤਾ ਜਾਵੇਗਾ। ਮਿਲਖ ਦਫ਼ਤਰ ਨਾਲ ਸਬੰਧਤ ਮੁੱਦੇ ਅਲਾਟਮੈਂਟ ਪੱਤਰ, ਰਿਫੰਡ ਅਤੇ ਵੱਖ-ਵੱਖ ਸੈਕਟਰਾਂ ਵਿਚ ਜਾਇਦਾਦਾਂ ਦੀ ਮਲਕੀਅਤ ਦੀ ਤਬਦੀਲੀ ਬਾਰੇ ਸਨ।