ਸਿੱਖ ਕੌਮ ਨੂੰ ਹਰੀ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਵਰਗੇ 'ਜਥੇਦਾਰਾਂ' ਦੀ ਲੋੜ : ਧੂੰਦਾ

ਖ਼ਬਰਾਂ, ਪੰਜਾਬ

ਕੋਟਕਪੂਰਾ: ਜੇਕਰ ਅੱਜ ਵੀ ਕੌਮ ਦੀ ਅਗਵਾਈ ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਤੇ ਜੱਸਾ ਸਿੰਘ ਆਹਲੂਵਾਲੀਆ ਵਰਗੇ 'ਜਥੇਦਾਰਾਂ' ਦੇ ਹੱਥ ਹੁੰਦੀ ਤਾਂ ਸਿੱਖ ਕੌਮ ਨੂੰ ਨਾ ਤਾਂ ਜ਼ਲੀਲ ਹੋਣਾ ਪੈਂਦਾ, ਨਾ ਨਿਰਾਸ਼ਾ ਦਾ ਮਾਹੌਲ ਤੇ ਨਾ ਹੀ ਪੰਥ ਵਿਰੋਧੀ ਸ਼ਕਤੀਆਂ ਕੌਮ ਦਾ ਕੁੱਝ ਵਿਗਾੜ ਸਕਦੀਆਂ ਪਰ ਕੌਮ ਦੇ ਅਖੌਤੀ ਆਗੂਆਂ ਨੇ ਜਿਥੇ ਸਿੱਖ ਸੰਗਤਾਂ ਨੂੰ ਸ਼ਰਮਸਾਰ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਉਥੇ ਕੌਮ ਦਾ ਘਾਣ ਕਰਨ ਦਾ ਵੀ ਰੀਕਾਰਡ ਪੈਦਾ ਕਰ ਦਿਤਾ। 

ਗੁਰਦੁਆਰਾ ਸਿੱਖ ਸੈਂਟਰ ਫ਼ਰੈਂਕਫਰਟ ਵਿਖੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਅਤੇ ਸਮੂਹ ਸ਼ਹੀਦਾਂ ਦੀ ਯਾਦ 'ਚ ਦੋ ਰੋਜ਼ਾ ਕਰਵਾਏ ਗਏ ਸਮਾਗਮਾਂ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਿੱਖ ਕੌਮ ਦੇ ਨਿਧੜਕ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੰਗਤਾਂ ਨੂੰ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਪੜ੍ਹਨ ਅਤੇ ਵਿਚਾਰਨ ਦੀ ਸਿਖਿਆ ਦਿਤੀ, ਉਥੇ ਦੂਜੇ ਪਾਸੇ ਹੀ ਉਨ੍ਹਾਂ ਸਮਾਜਕ ਬੁਰਾਈਆਂ ਨੂੰ ਵੀ ਖ਼ਤਮ ਕਰਨ ਲਈ ਸੰਗਤਾਂ ਨੂੰ ਪ੍ਰੇਰਿਆ। ਪ੍ਰੋ. ਧੂੰਦਾ ਨੇ ਅਪਣੇ ਸੰਬੋਧਨ ਦੌਰਾਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਕੌਮ ਦੀ ਵਖਰੀ ਪਛਾਣ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ 5 ਜਨਵਰੀ 2018 ਨੂੰ ਹੀ ਮਨਾਉਣ। 

ਉਨ੍ਹਾਂ ਦਾਅਵਾ ਕੀਤਾ ਕਿ ਪੰਥ ਵਿਰੋਧੀ ਸ਼ਕਤੀਆਂ ਵਲੋਂ ਕੌਮ 'ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਹਾਲਤ 'ਚ ਕਾਮਯਾਬ ਨਹੀਂ ਹੋਣ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਜਾਰੀਵਾਦ ਅਰਦਾਸ ਕਰਵਾਉਣ ਉਪਰੰਤ ਫਲ ਮਿਲਣ ਦਾ ਝਾਂਸਾ ਦੇ ਕੇ ਸੰਗਤਾਂ ਦਾ ਆਰਥਕ ਸ਼ੋਸ਼ਣ ਕਰਨ ਤੋਂ ਬਾਜ਼ ਨਹੀਂ ਆਉਂਦਾ ਪਰ ਜੇਕਰ ਅਸੀਂ ਆਪ ਬਾਣੀ ਪੜ੍ਹਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਪੁਜਾਰੀਵਾਦ ਦੀ ਅਸਲ ਮਨਸ਼ਾ ਕੀ ਹੈ? ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਭਾਈ ਸਾਹਿਬ ਦੇ ਵਿਚਾਰ ਸਰਵਣ ਕੀਤੇ। ਸਿੱਖ ਸੰਦੇਸ਼ਾ ਜਥੇਬੰਦੀ ਜਰਮਨੀ ਵਲੋਂ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਵਿਸ਼ਾਲ ਇਕੱਠ 'ਚ ਪ੍ਰੋ. ਸਰਬਜੀਤ ਸਿੰਘ ਧੂੰਦਾ ਤੋਂ 2018 ਦਾ ਨਾਨਕਸ਼ਾਹੀ ਕੈਲੰਡਰ ਜਾਰੀ ਕਰਵਾਇਆ ਗਿਆ। ਸਟੇਜ ਦੀ ਸੇਵਾ ਨਿਭਾਅ ਰਹੇ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਇਸ ਮੌਕੇ ਸੇਵਾਦਾਰ ਭਾਈ ਬਲਕਾਰ ਸਿੰਘ ਬਰਿਆਰਾ ਨੇ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਹਿਯੋਗੀ ਵੀਰਾਂ ਅਤੇ ਸੰਗਤਾਂ ਦਾ ਧਨਵਾਦ ਕੀਤਾ। ਉਪਰੰਤ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੇ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਸਨਮਾਨ ਚਿੰਨ੍ਹ ਭੇਂਟ ਕਰਦਿਆਂ ਨਿੱਘੀ ਵਿਦਾਇਗੀ ਦਿਤੀ।