ਸਿੱਖਾਂ ਦੀ ਸਿਰਮੌਰ ਜਥੇਬੰਦੀ ਅਪਣੇ ਹੀ ਪ੍ਰਧਾਨ ਕਾਰਨ ਹੋਈ ਸ਼ਰਮਸਾਰ

ਖ਼ਬਰਾਂ, ਪੰਜਾਬ

ਅੰਮ੍ਰਿਤਸਰ: ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ (80) ਨੇ ਭਾਵੇਂ ਸ਼ਰਮਨਾਕ ਹਾਲਤ 'ਚ ਸਕੂਲ ਪ੍ਰਿੰਸੀਪਲ ਨਾਲ ਇਤਰਾਜਯੋਗ ਸਥਿਤੀ ਵਿਚ ਸਪਸ਼ਟ ਨਜ਼ਰ ਆਉਣ ਦੇ ਬਾਵਜੂਦ ਇਸ ਦਾ ਠੀਕਰਾ ਸਿਆਸੀ ਦੁਸ਼ਮਣਾਂ ਸਿਰ ਭੰਨਿਆ ਹੈ। 

ਚੀਫ਼ ਖਾਲਸਾ ਦੀਵਾਨ 111 ਸਾਲ ਪੁਰਾਣੀ ਸਭ ਤੋਂ ਪ੍ਰਸਿੱਧ ਸਿੱਖਾਂ ਦੀ ਸੰਸਥਾ ਹੈ। ਇਸ ਦੀ ਸਥਾਪਨਾ 1902 ਵਿਚ ਹੋਈ ਸੀ, ਜਿਸ ਦਾ ਕਾਰਜ ਸਿੱਖ ਧਰਮ ਨੂੰ ਪ੍ਰਫੁਲਿਤ ਕਰਨ ਦੇ ਨਾਲ-ਨਾਲ ਸਿੱਖ ਬੱਚਿਆਂ ਨੂੰ ਵਿਦਿਆ ਦੇ ਖੇਤਰ 'ਚ ਸਮੇਂ ਦਾ ਹਾਣੀ ਬਣਾਉਣਾ ਅਤੇ ਸਭਿਆਚਾਰ ਨੂੰ ਬੜਾਵਾ ਦੇਣ ਦਾ ਹੈ। ਚੀਫ਼ ਖ਼ਾਲਸਾ ਦੀਵਾਨ ਦੇ ਬਾਨੀ ਭਾਈ ਵੀਰ ਸਿੰਘ ਸਨ। ਇਸ ਦੇ ਪਹਿਲੇ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਸਨ। ਕ੍ਰਿਪਾਲ ਸਿੰਘ ਸਾਬਕਾ ਐਮ.ਪੀ. ਇਸ ਦੇ 17 ਸਾਲ ਪ੍ਰਧਾਨ ਰਹੇ। ਚੀਫ਼ ਖਾਲਸਾ ਦੀਵਾਨ ਸਿੰਘ ਸਭਾਵਾਂ ਦਾ ਕੇਂਦਰ ਹੈ, ਜਿਸ ਦਾ ਮਕਸਦ ਸਮੂਹ ਪੰਜਾਬ ਵਿਚ ਸਿੱਖੀ ਪ੍ਰਫੁਲਤ ਕਰਨੀ ਅਤੇ ਇਸ ਦੇ ਮੱਸਲਿਆਂ ਦਾ ਨਿਪਟਾਰਾ ਕਰਨਾ ਹੈ। ਚੀਫ਼ ਖ਼ਾਲਸਾ ਦੀਵਾਨ ਦਾ ਮੁਢਲਾ ਨਿਸ਼ਾਨਾ ਸਿੱਖਾਂ ਦੀ ਭਲਾਈ ਤੇ ਉਨ੍ਹਾਂ ਦੇ ਸਿਆਸੀ ਹੱਕਾਂ ਦੀ ਹਿਫ਼ਾਜਤ ਕਰਨੀ ਹੈ। 

ਚਰਨਜੀਤ ਸਿੰਘ ਚੱਢਾ ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਕਰਦਾ ਹੈ, ਜੋ ਪੌਂਟੀ ਚੱਢਾ ਦੇ ਵੀ ਕਰੀਬੀ ਰਿਹਾ ਹੈ। ਇਸ ਦੀ ਟਰਾਂਸਪੋਰਟ ਵੀ ਹੈ। ਚੱਢਾ ਆਪ ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਧਾਨ ਤੇ ਇਸ ਦਾ ਲੜਕਾ ਇੰਦਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਹੈ। ਚਰਚਾ ਹੈ ਕਿ ਚੀਫ਼ ਖਾਲਸਾ ਦੀਵਾਨ ਦੀ ਪ੍ਰਧਾਨਗੀ ਪਰਵਾਰ ਤੱਕ ਸੀਮਿਤ ਰੱਖਣ ਲਈ ਚਰਨਜੀਤ ਸਿੰਘ ਚੱਢਾ ਨੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਆਣੇ ਪੱਖ ਦੇ ਮੈਂਬਰ ਨਾਮਜ਼ਦ ਵੀ ਕੀਤੇ। 

ਸੂਤਰਾਂ ਮੁਤਾਬਕ ਇਸ ਨੇ ਨਾਗਪੁਰ ਮੀਟਿੰਗ ਵੀ ਕੀਤੀ ਜੋ ਨਿਯਮਾਂ ਦੇ ਉਲਟ ਦੱਸੀ ਜਾ ਰਹੀ ਹੈ। ਇਸ ਦੇ ਇਕ ਕਰੀਬੀ ਰਿਸ਼ਤੇਦਾਰ ਨੇ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਹੈ ਕਿ ਉਹ ਤਿੰਨ ਕਰੋੜ ਰੁਪੈ ਵਾਪਸ ਨਹੀਂ ਕਰ ਰਿਹਾ। ਚਰਨਜੀਤ ਸਿੰਘ ਚੱਢਾ ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਧਾਨ ਬਣਨ ਬਾਅਦ ਪਰਕਾਸ਼ ਸਿੰਘ ਬਾਦਲ ਦੇ ਬਹੁਤ ਕਰੀਬੀ ਚਲਾ ਗਿਆ ਅਤੇ ਉਸ ਨੇ 10 ਸਾਲ ਬਾਦਲ ਸਰਕਾਰ ਦਾ ਖੂਬ ਅਨੰਦ ਮਾਣਿਆ। 

ਪੰਥਕ ਹਲਕੇ ਇਹ ਮੰਨ ਕੇ ਚੱਲ ਰਹੇ ਹਨ ਕਿ ਸਿੱਖੀ ਦੇ ਨਿਘਾਰ ਲਈ ਸੁੱਚਾ ਸਿੰਘ ਲੰਗਾਹ, ਡੇਰਾ ਸੌਦਾ ਸਾਧ ਦੇ ਜਾਣ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਚਰਨਜੀਤ ਸਿੰਘ ਚੱਢਾ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਵਰਗੇ ਜੁੰਮੇਵਾਰ ਹਨ।