ਸਿਖਿਆ ਮੰਤਰੀ ਨੇ ਸਮਾਜਿਕ ਕੰਮਾਂ ਦੀ ਕੀਤੀ ਸ਼ਲਾਘਾ, ਮੈਡੀਕਲ ਕੈਂਪ ਦਾ ਲਿਆ ਜਾਇਜ਼ਾ

ਖ਼ਬਰਾਂ, ਪੰਜਾਬ

ਗੁਰਦਾਸਪੁਰ (ਹੇਮੰਤ ਨੰਦਾ) : ਸਮਾਜ ਦੀ ਬਿਹਤਰੀ ਤੇ ਵਿਕਾਸ ਲਈ ਸਿਹਤ ਤੇ ਸਿਖਿਆ ਬਹੁਤ ਲਾਜ਼ਮੀ ਹੈ ਅਤੇ ਸਿਹਤਮੰਦ ਦਿਮਾਗ਼ ਲਈ ਸਿਹਤਮੰਦ ਸਰੀਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਮਨੋਰਥ ਨਾਲ ਹਲਕਾ ਦੀਨਾਨਗਰ ਦੇ ਬਲਾਕ ਦੋਰਾਂਗਲਾ 'ਚ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਵਿਸ਼ੇਸ਼ ਸਿਹਤ ਮੇਲਾ ਲਗਾਇਆ ਗਿਆ ਜਿਸ ਦਾ ਉਦਘਾਟਨ ਸਿਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਨੇ ਕੀਤਾ। ਜਿਸ ਵਿਚ ਹਰ ਤਰ੍ਹਾਂ ਦੀ ਬਿਮਾਰੀ ਨਾਲ ਸਬੰਧਤ ਡਾਕਟਰਾਂ ਦੀ ਟੀਮ ਨੇ ਹਿੱਸਾ ਲਿਆ। 


ਇਸ ਸਿਹਤ ਮੇਲੇ ਵਿਚ 425 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਦਵਾਈਆਂ ਵੀ ਵੰਡੀਆਂ ਗਈਆਂ। 42 ਅੰਗਹੀਣਾਂ ਨੂੰ ਸਰਟੀਫੀਕੇਟ ਬਣਾ ਕੇ ਦਿਤੇ ਗਏ ਅਤੇ 12 ਲੋੜਵੰਦ ਲੋਕਾਂ ਨੂੰ ਮੌਕੇ 'ਤੇ ਨਕਲੀ ਦੰਦਾਂ ਦੇ ਸੈੱਟ ਵੀ ਵੰਡੇ ਗਏ। ਇਸ ਮੌਕੇ ਸ੍ਰੀਮਤੀ ਚੌਧਰੀ ਵਲੋਂ ਸਿਹਤ ਵਿਭਾਗ ਵਲੋਂ ਸਿਹਤ ਮੇਲੇ ਦਾ ਨਿਰੀਖਣ ਵੀ ਕੀਤਾ। ਇਸ ਮੌਕੇ 'ਤੇ ਵੱਖ-ਵੱਖ ਪਿੰਡ ਤੋਂ ਆਏ ਲੋਕਾਂ ਵਲੋਂ ਪੰਜਾਬ ਸਰਕਾਰ ਦੇ ਲੋਕ ਭਲਾਈ ਕੰਮਾਂ ਦੀ ਇਕ ਛੱਤ ਹੇਠ ਸਹੂਲਤ ਦੀ ਪ੍ਰਸ਼ੰਸਾ ਕੀਤੀ ਗਈ।  


ਇਸ ਮੌਕੇ ਸਿਖਿਆ ਮੰਤਰੀ ਨੇ ਕਿਹਾ ਕਿ ਸਮਾਜ ਦੀ ਬਿਹਤਰੀ ਤੇ ਵਿਕਾਸ ਲਈ ਸਿਹਤ ਅਤੇ ਸਿਖਿਆ ਬਹੁਤ ਲਾਜ਼ਮੀ ਹੈ ਅਤੇ ਸਿਹਤਮੰਦ ਦਿਮਾਗ ਲਈ ਸਿਹਤਮੰਦ ਸਰੀਰ ਦਾ ਹੋਣਾ ਬਹੁਤ ਜ਼ਰੂਰੀ ਹੈ। ਸਰਹੱਦੀ ਇਲਾਕੇ ਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਦੇ ਮੰਤਵ ਨਾਲ ਪੰਜਾਬ ਸਰਕਾਰ ਵਲੋਂ ਇਸ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਮਾਰੀਆਂ ਪ੍ਰਤੀ ਸਰਕਾਰ ਵਲੋਂ ਦਿਤੀ ਜਾ ਰਹੀ ਵਿਤੀ ਸਹਾਇਤਾ ਬਾਰੇ ਜਾਗਰੂਕ ਕੀਤਾ ਗਿਆ ਹੈ ਅਤੇ ਹਲਕਾ ਦੀਨਾਨਗਰ ਵਿਚ ਇਸ ਤਰ੍ਹਾਂ ਦੇ ਹੋਰ ਵੀ ਕੈਂਪ ਲਗਾਏ ਜਾਣਗੇ।