ਜਲੰਧਰ, 27 ਫ਼ਰਵਰੀ (ਬਸਰਾ): ਸਿਖਿਆ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਵਲੋਂ ਵਿਭਾਗ ਵਿਚ ਕਾਰਗੁਜ਼ਾਰੀ ਆਧਾਰਤ ਅਤੇ ਪੇਪਰ ਰਹਿਤ ਬਦਲੀਆਂ ਦੀ ਵਿਵਸਥਾ ਆਗਾਮੀ 15 ਦਿਨਾਂ ਤਕ ਲਾਗੂ ਕਰਨ ਦਾ ਐਲਾਨ ਕੀਤਾ ਹੈ। ਅੱਜ ਇਥੇ ਕੇ.ਐਮ.ਵੀ.ਕਾਲਜ ਵਿਖੇ ਇਨਾਮ ਵੰਡ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਖਿਆ ਮੰਤਰੀ ਨੇ ਕਿਹਾ ਕਿ ਨਵੀਂ ਨੀਤੀ ਦਾ ਮਕਸਦ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਰੀਪੋਰਟ ਵਰਤਮਾਨ ਵਿਦਿਅਕ ਸੈਸ਼ਨ ਦੌਰਾਨ ਦਿਖਾਈ ਗਈ ਕਾਰਗੁਜ਼ਾਰੀ 'ਤੇ ਆਧਾਰਤ ਹੋਵੇਗੀ। ਉਨ੍ਹਾਂ ਕਿਹਾ ਕਿ ਨਵੀਂ ਥਾਂ 'ਤੇ ਤਾਇਨਾਤ ਕੀਤੇ ਅਧਿਆਪਕਾਂ ਨੂੰ ਘੱਟੋ ਘੱਟ ਤਿੰਨ ਸਾਲ ਉਸੇ ਥਾਂ ਤਾਇਨਾਤ ਰਖਿਆ ਜਾਵੇਗਾ ਜਿਸ ਨਾਲ ਅਧਿਆਪਕਾਂ ਦੇ ਕਰੀਅਰ ਵਿਚ ਸਥਿਰਤਾ ਆਵੇਗੀ ਅਤੇ ਸੂਬੇ ਵਿਚ ਸਿਖਿਆ ਦਾ ਪੱਧਰ ਉੱਚਾ ਚੁੱਕਣ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਦੀ ਇਕ ਹੋਰ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਇਹ ਨੀਤੀ ਬਿਲਕੁਲ ਪੇਪਰ ਰਹਿਤ ਹੋਵੇਗੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਕੋਲੋਂ ਅਰਜ਼ੀਆਂ ਦੀ ਮੰਗ ਆਨਲਾਈਨ ਕੀਤੀ ਜਾਵੇਗੀ ਅਤੇ ਖ਼ਾਲੀ ਸਥਾਨਾਂ 'ਤੇ ਬਦਲੀ ਵੀ ਉਸ ਪ੍ਰਕਿਰਿਆ ਰਾਹੀਂ ਹੋਵੇਗੀ।