ਸਿਖਿਆ ਵਿਭਾਗ ਨੇ ਤਰਨਤਾਰਨ ਦੇ 8 ਸਕੂਲਾਂ ਦੀ ਮਾਨਤਾ ਰੱਦ ਕਰਨ ਦਾ ਫ਼ੈਸਲਾ ਕੀਤਾ

ਖ਼ਬਰਾਂ, ਪੰਜਾਬ

ਤਰਨਤਾਰਨ/ਮੋਹਾਲੀ, 3 ਮਾਰਚ (ਚਰਨਜੀਤ ਸਿੰਘ, ਸੁਖਦੀਪ ਸਿੰਘ ਸੋਹੀ): ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ 8 ਪ੍ਰੀਖਿਆ ਕੇਂਦਰਾਂ ਨੂੰ ਤਬਦੀਲ ਕਰ ਕੇ ਉਨ੍ਹਾਂ ਲਈ ਨਵੇਂ ਕੇਂਦਰ ਬੋਰਡ ਵਲੋਂ ਸਥਾਪਤ ਕੀਤੇ ਹਨ। ਜਾਣਕਾਰੀ ਮੁਤਾਬਕ ਬੋਰਡ 28 ਫ਼ਰਵਰੀ ਨੂੰ ਬਾਰ੍ਹਵੀਂ ਦੇ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੌਰਾਨ ਸਿਖਿਆ ਸਕੱਤਰ ਵਲੋਂ ਖ਼ੁਦ ਕਂੇਦਰਾਂ ਦਾ ਮੁਆਇਨਾ ਕੀਤਾ ਸੀ ਅਤੇ ਅੱਠ ਪ੍ਰੀਖਿਆ ਕੇਂਦਰਾਂ 'ਚ ਸਮੂਹਿਕ ਨਕਲ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਉਣ 'ਤੇ ਉਨ੍ਹਾਂ ਵਲੋਂ ਸਖ਼ਤ ਕਦਮ ਚੁੱਕਿਆ ਹੈ । ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਚੱਲ ਰਹੀਆਂ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਦੌਰਾਨ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ²ਖ਼ੁਦ ਪ੍ਰਬੰਧਾਂ ਦੀ ਕਮਾਨ ਸੰਭਾਲੀ ਹੈ। ਸਿਖਿਆ ਸਕੱਤਰ ਦੇ ਹੁਕਮਾਂ ਤਹਿਤ ਪੰਜਾਬ ਸਕੂਲ ਬੋਰਡ ਵਲੋਂ ਬੋਰਡ ਨਾਲ ਅਫ਼ੀਲੀਏਟਿਡ ਤਰਨਤਾਰਨ ਦੇ ਸਰਹੱਦੀ ਖੇਤਰ ਦੇ ਸੱਤ ਪ੍ਰਾਈਵੇਟ ਸਕੂਲਾਂ, ਯੂਨਾਈਟਿਡ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ , ਗੁਰੂਕੁਲ ਪਬਲਿਕ ਸਕੂਲ (ਨਜ਼ਦੀਕ ਬੀ.ਐੱਸ.ਐਫ਼ ਹੈਡਕੁਆਰਟਰ) ਖੇਮਕਰਨ, ਹਰੀ ਸਿੰਘ ਨਲੂਆ ਪਬਲਿਕ ਸਕੂਲ ਪੂਨੀਆ, ਸੰਤ ਸਿਪਾਹੀ ਪਬਲਿਕ ਸਕੂਲ ਠੱਠਾ, ਸ਼ਹੀਦ ਭਗਤ ਸਿੰਘ ਸਕੂਲ ਵਲਟੋਹਾ, ਸ੍ਰੀ ਬਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ, ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ, ਦੀ ਮਾਨਤਾ ਰੱਦ ਕਰਨ ਲਈ ਇਨ੍ਹਾਂ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਬੋਰਡ ਵਲੋਂ ਜਾਰੀ ਕੀਤਾ ਹੈ।

 ਇਨ੍ਹਾਂ ਸੱਤ ਸਕੂਲਾਂ ਦਾ ਰੀਕਾਰਡ ਸੀਲ ਕਰ ਕੇ ਐਸ ਡੀ ਐਮ ਪੱਟੀ ਵਲੋਂ ਕਬਜ਼ੇ ਵਿਚ ਲੈ ਲਿਆ ਹੈ। 28 ਫ਼ਰਵਰੀ ਨੂੰ ਬਾਰ੍ਹਵੀਂ ਦੇ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੌਰਾਨ ਸਿਖਿਆ ਸਕੱਤਰ ਵਲੋਂ ਇਨ੍ਹਾਂ ਸਕੂਲਾਂ/ਸੈਂਟਰਾਂ ਦਾ ਦੌਰਾ ਕਰਨ 'ਤੇ ਵੇਖਿਆ ਕਿ ਇਨ੍ਹਾਂ ਸਕੂਲਾਂ ਵਿਚ ਵੱਡੀ ਪੱਧਰ 'ਤੇ ਦੂਜੇ ਜ਼ਿਲ੍ਹਿਆਂ ਦੇ ਓਪਨ ਸਕੂਲ ਸਕੀਮ ਅਧੀਨ ਵਿਦਿਆਰਥੀਆਂ ਦੇ ਨਕਲੀ ਦਾਖ਼ਲੇ ਕਰ ਕੇ,  ਇਥੇ ਪ੍ਰੀਖਿਆ ਦਿਵਾ ਕੇ ਉਨ੍ਹਾਂ ਨੂੰ ਸ਼ਰਤੀਆ ਪਾਸ ਕਰਵਾਉਣ ਲਈ ਪੈਸੇ ਲੈਣ ਦਾ ਗੋਰਖਧੰਦਾ ਚਲਾਇਆ ਜਾ ਰਿਹਾ ਹੈ। ਬੋਰਡ ਦੇ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਨੇ ਇਨ੍ਹਾਂ ਸਕੂਲਾਂ ਵਿਰੁਧ ਸਖ਼ਤ ਐਕਸ਼ਨ ਲੈਣ ਦੀ ਕਾਰਵਾਈ ਆਰੰਭ ਦਿਤੀ ਹੈ ਤੇ ਇਨ੍ਹਾਂ ਸਕੂਲਾਂ ਨੂੰ ਐਫ਼ੀਲੀਏਸ਼ਨ ਰੱਦ ਕਰਨ ਦੋਂ ਪਹਿਲਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।  ਬੋਰਡ ਦੀ ਸਕੱਤਰ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਨੇ ਐਫ਼ੀਲੀਏਸ਼ਨ ਦੇ ਵਿਨਿਯਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਦਸਿਆ ਕਿ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ ਦੀ ਬੋਰਡ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਬੋਰਡ ਵਲੋਂ ਇਕ ਮਹੀਨਾ ਪਹਿਲਾਂ ਹੀ ਅਫ਼ੀਲੀਏਸ਼ਨ ਰੱਦ ਕੀਤੀ ਜਾ ਚੁੱਕੀ ਹੈ।