ਸਿਰਫ਼ 'ਪੋਸਟਮਾਰਟਮ' ਸੀ ਡੇਰੇ ਦੀ ਤਲਾਸ਼ੀ ਮੁਹਿੰਮ

ਖ਼ਬਰਾਂ, ਪੰਜਾਬ

ਚੰਡੀਗੜ੍ਹ, 27 ਸਤੰਬਰ (ਨੀਲ ਭਲਿੰਦਰ ਸਿੰਘ) :  ਸੌਦਾ ਸਾਧ ਦੇ ਸਿਰਸਾ ਹੈਡਕੁਆਰਟਰ 'ਚ ਹੋਈ ਤਲਾਸ਼ੀ ਮਗਰੋਂ ਜਾਂਚ ਟੀਮ ਨੂੰ ਲਗਭਗ ਖ਼ਾਲੀ ਹੱਥ ਹੀ ਪਰਤਣਾ ਪਿਆ ਹੈ। ਹਾਈ ਕੋਰਟ ਵਲੋਂ ਨਿਯੁਕਤ ਕੋਰਟ ਕਮਿਸ਼ਨਰ (ਸਾਬਕਾ ਜੱਜ) ਅਨਿਲ ਕੁਮਾਰ ਸਿੰਘ ਪਵਾਰ ਨੇ ਅੱਜ ਹਾਈ ਕੋਰਟ ਵਿਚ ਇੰਕਸ਼ਾਫ਼ ਕਰਦਿਆਂ ਕਿਹਾ ਕਿ ਤਲਾਸ਼ੀ ਮੁਹਿੰਮ ਮਹਿਜ਼ ਪੋਸਟਮਾਰਟਮ ਸੀ।  ਇਸ ਵਿਚ ਕੁੱਝ ਵੀ ਖ਼ਾਸ ਨਹੀਂ ਮਿਲਿਆ।

  ਹਾਈ ਕੋਰਟ ਨੇ ਕਿਹਾ ਕਿ ਡੇਰੇ ਅਤੇ ਉਸ ਨਾਲ ਜੁੜੇ ਸਾਰੇ ਲੋਕਾਂ ਦੀ ਜਾਇਦਾਦ ਅਤੇ ਬੈਂਕ ਖਾਤਿਆਂ ਦੀ ਜਾਂਚ ਹੋਣੀ ਚਾਹੀਦੀ ਹੈ ।  ਕੋਰਟ ਨੇ ਦੋਹਾਂ  ਰਾਜਾਂ ਨੂੰ ਸਲਾਹ ਦਿਤੀ ਕਿ ਮੁਆਵਜ਼ਾ ਦੇਣ ਲਈ ਉਹ ਟਰਿਬਿਊਨਲ ਦਾ ਗਠਨ ਕਰਨ। ਕੋਰਟ ਕਮਿਸ਼ਨਰ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਬਾਰੇ ਉਨ੍ਹਾਂ ਦੀ ਰੀਪੋਰਟ ਤਿਆਰ ਹੈ ਪਰ ਇੰਡੈਕਸ ਪੈਂਡਿੰਗ ਹੈ, ਇਸ ਲਈ ਹਾਈ ਕੋਰਟ ਵਿਚ ਰੀਪੋਰਟ ਪੇਸ਼ ਕਰਨ  ਲਈ ਸਮਾਂ ਦਿਤਾ ਜਾਵੇ। 

ਹਾਈ ਕੋਰਟ ਬੈਂਚ  ਨੇ ਕੋਰਟ ਕਮਿਸ਼ਨਰ ਨੂੰ ਕਿਹਾ ਕਿ ਤਲਾਸ਼ੀ ਮੁਹਿੰਮ ਦੀ ਰੀਪੋਰਟ ਸੀਲਬੰਦ ਰੂਪ ਚ ਹਰਿਆਣਾ ਦੇ ਐਡਵੋਕੇਟ ਜਨਰਲ ਨੂੰ ਵੀ ਦਿਤੀ ਜਾਵੇ। ਡੇਰੇ ਵਿੱਚ ਹੋਏ ਵੱਖ ਵੱਖ  ਉਸਾਰੀ ਕਾਰਜਾਂ ਦੇ ਗ਼ੈਰਕਾਨੂੰਨੀ ਹੋਣ ਦੇ ਵੀ ਦੋਸ਼ ਹਨ। ਇਹ  ਸਾਰੇ ਉਸਾਰੀ ਕਾਰਜ ਆਬਾਦੀ ਖੇਤਰ ਵਿਚ ਹਨ। ਡੇਰੇ ਵਿਚਲੀ  ਕਿਸੇ ਵੀ ਫ਼ੈਕਟਰੀ, ਹਸਪਤਾਲ, ਸਕੂਲ ਆਦਿ ਲਈ ਕੋਈ ਐਨਓਸੀ ਵੀ ਨਹੀਂ ਲਈ ਗਈ। ਹਾਈ ਕੋਰਟ ਨੇ ਡੇਰੇ ਵਿਚ ਹੋਏ ਸਾਰੇ ਉਸਾਰੀ ਕਾਰਜਾਂ ਦੀ ਵੀ ਜਾਂਚ  ਦੇ ਆਦੇਸ਼ ਦਿੱਤੇ ਹਨ। 

ਇਹ ਕੁੱਝ ਮਿਲਿਆ ਡੇਰੇ ਵਿਚੋਂ

ਤਲਾਸ਼ੀ ਮੁਹਿੰਮ ਦੌਰਾਨ ਬਰਾਮਦਗੀਆਂ ਬਾਰੇ ਹੁਣ ਤਕ ਜਨਤਕ ਹੋਏ ਤੱਥਾਂ ਮੁਤਾਬਕ ਡੇਰੇ 'ਚੋਂ 12 ਹਜ਼ਾਰ ਰੁਪਏ ਦੀ ਨਵੀਂ ਕਰੰਸੀ, 7 ਹਜ਼ਾਰ ਰੁਪਏ ਦੀ ਪੁਰਾਣੀ ਕਰੰਸੀ, ਕੰਪਿਊਟਰ ਹਾਰਡ ਡਿਸਕ, ਡੇਰੇ ਵਿਚ ਇਸਤੇਮਾਲ ਕੀਤੀ ਜਾਣ ਵਾਲੀ ਪਲਾਸਟਿਕ ਕਰੰਸੀ, ਨੰਬਰ ਰਹਿਤ ਲਗਜ਼ਰੀ ਐਸਯੂਵੀ,  ਓਬੀ ਵੈਨ,  ਵਾਕੀ - ਟਾਕੀ ਅਤੇ ਵੱਡੀ ਮਾਤਰਾ ਵਿਚ ਬਿਨਾਂ ਲੇਬਲ ਫ਼ਾਰਮੇਸੀ ਦਵਾਈਆਂ ਮਿਲੀਆਂ ਹਨ।

 5 ਬੱਚੇ ਵੀ ਡੇਰੇ ਅੰਦਰੋਂ ਮਿਲੇ। ਸੌਦਾ ਸਾਧ ਦੀ ਵਿਲਾ ਨੁਮਾ 'ਗੁਫ਼ਾ' 'ਚੋਂ ਜੁੱਤੀਆਂ ਦੀਆਂ 1500 ਜੋੜੀਆਂ ਮਿਲੀਆਂ ਹਨ। ਗੁਫ਼ਾ ਅੰਦਰ ਆਲੀਸ਼ਾਨ ਬਾਥਰੂਮ, ਡਰੈਸਿੰਗ ਰੂਮ, ਮੇਕਅਪ ਦਾ ਸਮਾਨ, ਮਹਿੰਗੀਆਂ  ਮੁੰਦਰੀਆਂ,  3 ਹਜ਼ਾਰ ਜੋੜੀ ਮਹਿੰਗੇ ਡਿਜ਼ਾਇਨਰ ਕਪੜੇ ਵੀ ਮਿਲੇ ਹਨ। ਸੌਦਾ ਸਾਧ ਦੇ ਮਹਿਲ 'ਤੇਰਾਵਾਸ'  ਅੰਦਰ ਡੇਢ ਸੌ  ਮੀਟਰ ਲੰਮੀ ਖ਼ੁਫ਼ੀਆ ਸੁਰੰਗ  ਦਾ ਵੀ ਪਤਾ ਲੱਗਾ ਹੈ ਜਿਸ ਨੂੰ ਮਿੱਟੀ ਪਾਉਣ ਮਗਰੋਂ ਫ਼ਾਈਬਰ ਲਗਾ ਕੇ ਬੰਦ ਕਰ ਦਿਤਾ ਗਿਆ ਸੀ। 

ਇਸ ਗੁਫ਼ਾ 'ਚੋਂ ਸਾਧਵੀਆਂ ਦੇ ਹੋਸਟਲ ਤਕ ਜਾਂਦਾ ਰਸਤਾ ਵੀ ਮਿਲਿਆ ਹੈ। ਤਲਾਸ਼ੀ ਟੀਮ ਨੇ ਡੇਰੇ ਅੰਦਰ ਪਸ਼ੁਆਂ ਦੇ ਅਹਾਤੇ ਦੇ ਗੁਦਾਮ 'ਚੋਂ  80 ਡੱਬਿਆਂ 'ਚ ਰਖਿਆ ਪਟਾਕਿਆਂ ਅਤੇ ਵਿਸਫੋਟਕਾਂ ਦਾ ਢੇਰ ਵੀ ਮਿਲਿਆ ਹੈ।  ਏਕੇ - 47 ਦਾ ਖ਼ਾਲੀ ਬਾਕਸ ਵੀ ਮਿਲਿਆ ਹੈ। ਸ਼ਾਹ ਸਤਨਾਮ ਸੁਪਰ ਸਪੈਸ਼ਲਿਟੀ ਹਾਸਪਤਾਲ  ਦੇ ਰੀਕਾਰਡ  ਮੁਤਾਬਕ ਡੇਰੇ ਵਿਚ ਸਕਿਨ ਬੈਂਕ ਵੀ  ਹੈ  ਜਿਸ ਨੂੰ ਸੀਲ ਕਰ ਦਿਤਾ ਗਿਆ  ਹੈ।  

ਡੇਰੇ ਤੋਂ ਹੋਰਨਾਂ ਹਸਪਤਾਲਾਂ ਨੂੰ ਲਾਸ਼ਾਂ ਭੇਜੀਆਂ  ਜਾਂਦੀਆਂ ਰਹੀਆਂ ਹੋਣ ਦੇ ਪ੍ਰਗਟਾਵੇ ਤਹਿਤ ਕੀਤੀ ਜਾਂਚ ਦੌਰਾਨ ਉਥੇ ਇਨ੍ਹਾਂ ਦਾ ਕੋਈ ਰੀਕਾਰਡ ਨਹੀਂ ਮਿਲਿਆ।  ਹਸਪਤਾਲ ਵਿਚ 'ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ ਐਕਟ' ਨੂੰ ਵੀ ਲਾਗੂ ਕਰਨ ਵਿਚ ਗੜਬੜੀਆਂ ਪਾਈਆਂ  ਗਈਆਂ ਹਨ। ਤਲਾਸ਼ੀ ਟੀਮ ਨੇ ਸਾਧ ਦੀ 'ਪ੍ਰੇਮਣ' ਹਨੀਪ੍ਰੀਤ ਦਾ ਬੂਟੀਕ ਵੀ ਸੀਲ ਕਰ ਦਿਤਾ ਹੈ। ਇਸ ਵਿਚ ਬੇਸ਼ਕੀਮਤੀ ਪੁਸ਼ਾਕਾਂ ਅਤੇ ਸਮਾਨ ਹੈ।