ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ

ਖ਼ਬਰਾਂ, ਪੰਜਾਬ

ਪਟਨਾ, 22 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਅਤੇ 'ਸਿਰੋਪਾਓ' ਤੇ 'ਸ੍ਰੀ ਸਾਹਿਬ' ਦੀ ਬਖਸ਼ਿਸ਼ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਸਨਮਾਨ ਕੀਤਾ। ਮੁੱਖ ਮੰਤਰੀ ਨੂੰ ਸਤਿਕਾਰ ਵਜੋਂ ਸ਼ਾਲ ਵੀ ਭੇਟ ਕੀਤੇ ਗਏ।  ਪਵਿੱਤਰ ਅਸਥਾਨ ਦੇ ਦਰਸ਼ਨ ਕਰਨ 'ਤੇ ਖੁਸ਼ੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ 'ਬੋਲੇ ਸੋ ਨਿਹਾਲ' ਅਤੇ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦੇ ਜੈਕਾਰਿਆਂ ਦੌਰਾਨ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਅਕਾਲ ਪੁਰਖ ਪਾਸੋਂ ਬਖਸ਼ਿਸ਼ਾਂ ਮੰਗੀਆਂ।  ਮੁੱਖ ਮੰਤਰੀ ਨਾਲ ਉਨ੍ਹਾਂ ਦੇ ਦੋਹਤੇ ਨਿਰਵਾਨ ਸਿੰਘ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ, ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਾਬਕਾ ਵਿਧਾਇਕ ਤੇ ਪਾਰਟੀ ਦੇ ਸੀਨੀਅਰ ਨੇਤਾ ਕੇਵਲ ਸਿੰਘ ਢਿੱਲੋਂ ਵੀ ਹਾਜ਼ਰ ਸਨ। ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਸੰਤਾਂ-ਮਹਾਂਪੁਰਖਾਂ ਨੇ ਮੁੱਖ ਮੰਤਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਜੀਵਨ ਦੀਆਂ ਕੁਝ ਘਟਨਾਵਾਂ ਬਾਰੇ ਵੀ ਦੱਸਿਆ ਜੋ ਸ੍ਰੀ ਪਟਨਾ ਸਾਹਿਬ ਦੀ ਮਹੱਤਤਾ ਨੂੰ ਦਰਸਾਉਂਦਿਆਂ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਵਰਤੇ ਜਾਂਦੇ ਵਿਲੱਖਣ 'ਸ਼ਸ਼ਤਰਾਂ' ਦੇ ਵੀ ਦਰਸ਼ਨ ਕਰਵਾਏ। ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੂੰ ਦੂਜੀ ਵਾਰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਨੂੰ ਇਸੇ ਸਾਲ ਜਨਵਰੀ ਵਿੱਚ ਵੀ ਇਸ ਅਸਥਾਨ 'ਤੇ ਨਤਮਸਤਕ ਹੋਣ ਦਾ ਸੁਭਾਗ ਹਾਸਲ ਹੋਇਆ ਸੀ। 

ਮੁੱਖ ਮੰਤਰੀ ਨੇ ਆਖਿਆ ਕਿ ਗੁਰੂ ਸਾਹਿਬ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਹੋਣ ਕਰਕੇ ਉਨ੍ਹਾਂ ਦੀ ਜ਼ਿੰਦਗੀ ਦੇ ਇਹ ਦੁਰਲੱਭ ਪਲ ਹਨ ਕਿਉਂਕਿ ਦਸਮ ਪਿਤਾ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਉਹ ਗੁਰੂ ਸਾਹਿਬ ਜੀ ਦੇ ਪਵਿੱਤਰ ਜਨਮ ਅਸਥਾਨ ਦੇ ਦਰਸ਼ਨ ਕਰਨ ਲਈ ਇਸ ਜਹਾਨ 'ਤੇ ਨਹੀਂ ਹੋਣਗੇ।ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਸ ਪਵਿੱਤਰ ਦਿਹਾੜੇ ਮੌਕੇ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਦੁਨੀਆ ਭਰ ਤੋਂ ਸੰਗਤ ਪਹੁੰਚੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਵੀ ਤਿੰਨ ਰੇਲ ਗੱਡੀਆਂ ਸੰਗਤ ਨੂੰ ਲੈ ਕੇ ਕੱਲ੍ਹ ਇੱਥੇ ਪਹੁੰਚ ਜਾਣਗੀਆਂ ਤੇ ਸੰਗਤ 24 ਦਸੰਬਰ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਦਾ ਹਿੱਸਾ ਬਣੇਗੀ। ਮੁੱਖ ਮੰਤਰੀ ਨੇ ਆਖਿਆ ਕਿ ਉਹ ਖੁਦ ਵੀ ਇਸ ਦਿਹਾੜੇ 'ਤੇ ਸ੍ਰੀ ਅਨੰਦਪੁਰ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸ਼ਾਮਲ ਹੋਣਗੇ। ਮੁੱਖ ਮੰਤਰੀ ਨੇ ਆਖਿਆ ਕਿ ਦਸਮੇਸ਼ ਪਿਤਾ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਇੱਥੋਂ ਦੀ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਧਾਰਮਿਕ ਸਮਾਗਮਾਂ ਮੌਕੇ ਸਿਆਸੀ ਕਾਨਫਰੰਸਾਂ ਕਰਨ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਕਾਨਫਰੰਸਾਂ ਰੱਦ ਕਰਨ ਦੇ ਫੈਸਲੇ ਦਾ ਉਹ ਸੁਆਗਤ ਕਰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਸ ਪਵਿੱਤਰ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾਣਾ ਸਭ ਤੋਂ ਵੱਧ ਮਹੱਤਵਪੂਰਨ ਹੈ ਜਦਕਿ ਸਿਆਸੀ ਸਰਗਰਮੀਆਂ ਲਈ ਹੋਰ ਬਹੁਤ ਸਾਰੇ ਮੌਕੇ ਤੇ ਥਾਵਾਂ ਹੁੰਦੀਆਂ ਹਨ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਬਾਈਪਾਸ ਰੋਡ 'ਤੇ ਸਥਿਤ 'ਟੈਂਟ ਸਿਟੀ' ਦਾ ਵੀ ਦੌਰਾ ਕੀਤਾ ਜਿੱਥੇ ਪਟਨਾ ਸਾਹਿਬ ਪਹੁੰਚਣ ਵਾਲੀ ਸੰਗਤ ਲਈ ਰਹਿਣ-ਸਹਿਣ ਦਾ ਬੰਦੋਬਸਤ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ 'ਟੈਂਟ ਸਿਟੀ' ਵਿੱਚ ਸੰਗਤ ਤੇ ਪੰਗਤ ਨਾਲ ਲੰਗਰ ਵੀ ਛਕਿਆ।