ਅੰਮ੍ਰਿਤਸਰ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ। ਅੱਜ ਸਵੇਰੇ 8.30 ਤੋਂ 12 ਵਜੇ ਤੱਕ ਸੁੰਦਰ ਜਲੌ ਸਜਾਏ ਗਏ। ਦੂਰੋਂ ਨੇੜਿਉਂ ਲੱਖਾਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੀਆਂ ਹੋਈਆਂ ਹਨ ਤੇ ਹਰ ਪਾਸੇ ਸੰਗਤਾਂ ਦਾ ਠਾਠਾਂ ਮਾਰਦਾ ਇਕੱੱਠ ਨਜ਼ਰ ਆ ਰਿਹਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਜਨ: ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਤੇ ਸਕੱਤਰ ਡਾ: ਰੂਪ ਸਿੰਘ ਨੇ ਵੀ ਅੱਜ ਆਮ ਸੰਗਤਾਂ ਵਾਂਗ ਕਤਾਰ ਵਿੱਚ ਲੱਗ ਕੇ ਗੁਰੂ ਦਰ 'ਤੇ ਮੱਥਾ ਟੇਕਿਆ। ਸ਼ਾਮ ਸਮੇਂ ਹੋਣ ਵਾਲੀ ਐਲਈਡੀ ਦੀਪਮਾਲਾ ਤੇ ਆਤਿਸ਼ਬਾਜ਼ੀ ਦਾ ਨਜ਼ਾਰਾਂ ਦੇਖਣ ਲਈ ਅਜੇ ਵੀ ਲੱਖਾਂ ਸ਼ਰਧਾਲੂ ਗੁਰੂ ਨਗਰੀ ਪੁੱਜ ਰਹੇ ਹਨ।
ਨਗਰ ਕੀਰਤਨ ਦੀ ਆਰੰਭਤਾ ਸਮੇਂ ਸੰਗਤਾਂ ਦੇ ਦਰਸ਼ਨ ਕਰਨ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਜਿਥੇ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 484ਵੇਂ ਪ੍ਰਕਾਸ਼ ਪੁਰਬ ਦੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ, ਉਥੇ ਹੀ ਇਸ ਮੌਕੇ ਸਹਿਯੋਗ ਕਰਨ ਵਾਲੀਆਂ ਸਮੂਹ ਸਭਾ-ਸੁਸਾਇਟੀਆਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ, ਪ੍ਰਸ਼ਾਸਨ ਅਤੇ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ।
ਉਨ੍ਹਾਂ ਕਿਹਾ ਕਿ ਗੁਰੂ ਜੀ ਦਾ ਜੀਵਨ ਮਨੁੱਖ ਮਾਤਰ ਲਈ ਅਗਵਾਈ ਦੇਣ ਵਾਲਾ ਹੈ ਅਤੇ ਉਨ੍ਹਾਂ ਵੱਲੋਂ ਵਸਾਇਆ ਧਾਰਮਿਕ ਮਹੱਤਵ ਰੱਖਣ ਵਾਲਾ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਸਮੁੱਚੇ ਵਿਸ਼ਵ ਲਈ ਖਿੱਚ ਦਾ ਕੇਂਦਰ ਹੈ ਕਿਉਂਕਿ ਇਥੇ ਸਿੱਖ ਧਰਮ ਦਾ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੁਸ਼ੋਭਿਤ ਹੈ, ਜੋ ਸਮੁੱਚੀ ਮਨੁੱਖਤਾ ਦੀ ਅਧਿਆਤਮਕ ਅਗਵਾਈ ਕਰਦਾ ਹੈ।