ਸ਼੍ਰੋਮਣੀ ਅਕਾਲੀ ਦਲ ਨੇ ਮਨਾਇਆ 97ਵਾਂ ਸਥਾਪਨਾ ਦਿਵਸ

ਖ਼ਬਰਾਂ, ਪੰਜਾਬ

ਅੰਮ੍ਰਿਤਸਰ, 14 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਨੇ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਅਕਾਲੀ ਆਗੂਆਂ, ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਗੁਰੂਆਂ ਦੇ ਮਾਰਗ 'ਤੇ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਜਬਰ-ਜ਼ੁਲਮ ਤੇ ਬੇਇਨਸਾਫ਼ੀ ਵਿਰੁਧ ਘੋਲ ਕਰਨਾ ਹੈ। ਇਸ ਫ਼ਲਸਫ਼ੇ ਤਹਿਤ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਅਤੇ ਬਾਅਦ ਵਿਚ ਹੁਕਮਰਾਨਾਂ ਦੀਆਂ ਵਧੀਕੀਆਂ ਵਿਰੁਧ ਬੇਸ਼ੁਮਾਰ ਅੰਦੋਲਨ ਕੀਤੇ ਜਿਸ ਤੋਂ ਸੱਭ ਸਰਕਾਰਾਂ ਪਾਰਟੀ ਦੀ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਹਨ। ਇਸ ਸ਼ਹੀਦਾਂ ਦੀ ਜਥੇਬੰਦੀ ਤੇ ਸਿੱਖ ਕੌਮ ਨੂੰ ਮਾਣ ਹੋਣ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ 97ਵੇਂ ਸਥਾਪਨਾ ਦਿਵਸ ਤੇ ਸ. ਬਾਦਲ ਨੇ ਕੇਂਦਰ ਤੇ ਸੂਬਾ ਸਰਕਾਰ ²ਖ਼ਾਸ ਕਰ ਕੇ ਕਾਂਗਰਸ ਦੀਆਂ ਕੇਂਦਰੀ ਹਕੂਮਤਾਂ ਨੂੰ ਨਿਸ਼ਾਨਾ ਬਣਾਉਦੇ ਹੋਏ ਕਿਹਾ ਕਿ ਮਨੁੱਖੀ ਹੱਕਾਂ ਦੀ ਲੜਾਈ ਲਈ ਪਾਰਟੀ ਹਮੇਸ਼ਾ ਮੋਹਰੀ ਰਹੀ ਹੈ। ਸ. ਬਾਦਲ ਨੇ ਪੰਡਿਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਸਾਬਕਾ ਪ੍ਰਧਾਨ ਮੰਤਰੀ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਨ੍ਹਾਂ ਸਿੱਖ ਕੌਮ ਵਿਰੁਧ ਨਾ ਵਰਨਣਯੋਗ ਵਧੀਕੀਆਂ ਕੀਤੀਆਂ। ਪੰਜਾਬ ਸੂਬਾ ਇਨ੍ਹਾਂ ਦੀ ਬਦੌਲਤ ਅਪੰਗ ਬਣਿਆ। ਪੰਜਾਬੀ ਬੋਲਦੇ ਇਲਾਕੇ ਦੂਸਰੇ ਸੂਬਿਆਂ ਨੂੰ ਦੇ ਦਿਤੇ, ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹ ਲਿਆ। ਇੰਦਰਾ ਗਾਂਧੀ ਵਲੋਂ ਲਾਈ ਐਮਰਜੈਂਸੀ ਦਾ ਟਾਕਰਾ ਕੇਵਲ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਜਿਸ ਕਾਰਨ ਉਕਤ ਹੁਕਮਰਾਨਾਂ ਨੂੰ ਚੋਣਾਂ ਕਰਵਾਉਣੀਆਂ ਪਈਆਂ ਤੇ ਲੋਕਤੰਤਰ ਬਹਾਲ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਦਰਿਆਈ ਪਾਣੀਆਂ 'ਚ ਘੋਰ ਵਿਤਕਰਾ ਕੀਤਾ ਜੋ ਅਜੇ ਵੀ ਜਾਰੀ ਹੈ  ਪਰ ਅਕਾਲੀ ਦਲ ਪੰਜਾਬੀ ਕਿਸਾਨਾਂ, ਮਜ਼ਦੂਰਾਂ ਤੇ ਹੋਰ ਕਾਰੋਬਾਰੀਆਂ ਦੇ ਹਿੱਤਾਂ ਲਈ ਘੋਲ ਲੜਦਾ ਰਹੇਗਾ। ਬਾਦਲ ਨੇ ਅਤੀਤ ਯਾਦ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗਣ ਵਾਲਾ ਮੋਰਚਾ ਸਦਾ ਜੇਤੂ ਰਿਹਾ ਹੈ। ਬਾਦਲ ਨੇ ਸੰਕੇਤ ਦਿਤਾ ਕਿ ਇੰਦਰਾ ਗਾਂਧੀ ਵਲੋਂ ਐਮਰਜੈਂਸੀ ਮੋਰਚਾ ਨਾ ਲਾਉਣ ਦਾ ਸੁਨੇਹਾ ਆਇਆ ਸੀ ਪਰ ਅਕਾਲੀ ਆਗੂਆਂ ਨੇ ਲਾਲਚ ਛੱਡ ਕੇ ਮਨੁੱਖੀ ਹੱਕਾਂ ਦੀ ਪਹਿਰੇਦਾਰੀ ਕੀਤੀ। ਪਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਤੇ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਉਨ੍ਹਾਂ ਅੱਗੇ ਬੇਸ਼ੁਮਾਰ ਚੁਨੌਤੀਆਂ ਹਨ ਤੇ ਉਨ੍ਹਾਂ ਦਾ ਸਾਹਮਣਾ ਕਰਨ ਲਈ ਉਹ ਬਣਦਾ ਯੋਗਦਾਨ ਸਿੱਖ ਕੌਮ ਤੇ ਨਵੀਂ ਪੀੜੀ ਲਈ ਪਾਉਣ। ਸਰਕਾਰੀ ਤਸ਼ੱਦਦ ਵਿਰੁਧ ਹਰ ਪਿੰਡ ਵਿਚ 11-11 ਵਲੰਟੀਅਰ ਤਿਆਰ ਕਰਨ। ਇਸ ਕੰਮ ਲਈ ਉਨ੍ਹਾਂ ਨੂੰ ਦਫ਼ਤਰਾਂ 'ਚ ਨਹੀਂ ਪਿੰਡਾਂ ਵਿਚ ਜਾਣਾ ਪਵੇਗਾ। ਸ. ਬਾਦਲ ਨੇ ਜ਼ੋਰ ਦਿਤਾ ਕਿ ਹਰ ਹਲਕੇ 'ਚ ਕੀਰਤਨ ਦਰਬਾਰ ਕਰਵਾਏ ਜਾਣ। ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੱਭ ਤੋਂ ਪੁਰਾਣੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਜਬਰ-ਜ਼ੁਲਮ ਤੇ ਬੇਇਨਸਾਫ਼²ੀ ਵਿਰੁਧ ਸੰਘਰਸ਼ ਕਰਨਾ ਹੈ।ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਸ. ਬਾਦਲ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ 1925 'ਚ ਬਣਨ ਅਤੇ ਚਾਬੀਆਂ ਦਾ ਮੋਰਚਾ ਜਿੱਤਣ 'ਤੇ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਭਾਰਤ ਨੇ ਅੱਧੀ ਆਜ਼ਾਦੀ ਦੀ ਜੰਗ ਜਿੱਤ ਲਈ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਵਾਰ ਦੀ ਨਹੀਂ, ਉਹ ਅਮਾਨਤ ਅਕਾਲੀ ਆਗੂਆਂ ਤੇ ਵਰਕਰਾਂ ਦੀ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ ਕੱਟੀ ਹੈ ਤੇ 19 ਸਾਲ ਮੁੱਖ ਮੰਤਰੀ ਰਹੇ ਹਨ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ ਗੁਰਬਚਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਗਰੇਜ਼ ਹਾਕਮਾਂ ਤੇ ਭਾਰਤ ਸਰਕਾਰ ਦੀਆਂ ਸਰਕਾਰਾਂ ਤੋਂ ਇਨਸਾਫ਼ ਲੈਣ ਲਈ ਪਾਰਟੀ ਨੇ ਅਨੇਕਾਂ ਸਫ਼ਲ ਮੋਰਚੇ ਲਾਏ। ਸ਼ਹਾਦਤਾਂ ਦਿਤੀਆਂ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟੀਆ। ਉਨ੍ਹਾਂ ਸਿੱਖ ਕੌਮ ਨੂੰ ਅਪਣੇ ਅਤੀਤ, ਸਭਿਆਚਾਰ ਨਾਲ ਜੁੜਨ ਬਾਣੀ ਤੇ ਬਾਣੇ ਦੇ ਧਾਰਨੀ ਬਣਨ ਲਈ ਜ਼ੋਰ ਦਿਤਾ।ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਭਾਰਤ ਨੂੰ ਆਜ਼ਾਦੀ ਸ਼੍ਰੋਮਣੀ ਅਕਾਲੀ ਦਲ ਨੇ ਦਿਵਾਈ ਹੈ ਜਿਸ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਉਨ੍ਹਾਂ ਪਤਿਤਪੁਣੇ ਵਿਰੁਧ ਅੰਮ੍ਰਿਤ ਸੰਚਾਰ ਕਰਨ ਦਾ ਐਲਾਨ ਕੀਤਾ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਅਗਲੇ ਸਾਲ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਦਿੱਲੀ ਮਨਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਮਾਸਟਰ ਤਾਰਾ ਸਿੰਘ ਦੀ ਕੁਰਬਾਨੀ ਪੰਥ ਲਈ ਵੱਡੀ ਦੇਣ ਹੈ।
ਇਨ੍ਹਾਂ ਆਗੂਆਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗਿ ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ, ਗੁਲਜਾਰ ਸਿੰਘ ਰਣੀਕੇ, ਰਾਜਮਹਿੰਦਰ ਸਿੰਘ ਮਜੀਠਾ, ਬਿਕਰਮ ਸਿੰਘ ਮਜੀਠੀਆ, ਤੋਤਾ ਸਿੰਘ, ਡਾ ਮਨਜੀਤ ਸਿੰਘ ਭੋਮਾ, ਡਾ ਰੂਪ ਸਿੰਘ, ਗਗਨਦੀਪ ਸਿੰਘ ਬਰਨਾਲਾ, ਸੇਵਾ ਸਿੰਘ ਸੇਖਵਾਂ, ਭਾਈ ਮਨਜੀਤ ਸਿੰਘ, ਦਮਦਮੀ ਟਕਸਾਲ ਦੇ ਮੁੱਖੀ ਗਿ ਹਰਨਾਮ ਸਿੰਘ ਖ਼ਾਲਸਾ, ਸੁਖਵਿੰਦਰ ਸਿੰਘ ਝਬਾਲ, ਗੁਰਬਚਨ ਸਿੰਘ ਕਰਮੂਵਾਲਾ, ਡਾ ਦਲਜੀਤ ਸਿੰਘ ਚੀਮਾ, ਮੰਗਵਿੰਦਰ ਸਿੰਘ ਖਾਪੜਖੇੜੀ, ਬਾਵਾ ਸਿੰਘ ਗੁਮਾਨਪੁਰਾ, ਬੀਬੀ ਕਿਰਨਜੋਤ ਕੌਰ, ਸਰਬਜੀਤ ਸਿੰਘ ਸੋਹਲ, ਜਸਬੀਰ ਸਿੰਘ ਘੁੰਮਣ, ਸਤਨਾਮ ਸਿੰਘ ਕੰਡਾ, ਸਰਬਜੀਤ ਸਿੰਘ ਜੰਮੂ, ਸ਼੍ਰੋਮਣੀ ਕਮੇਟੀ ਮੈਂਬਰ, ਮੁਲਾਜ਼ਮ ਤੇ ਹੋਰ ਧਾਰਮਕ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਮੌਜੂਦ ਸਨ। ਇਸ ਮੌਕੇ ਜਥੇਦਾਰ ਗਿ ਗੁਰਬਚਨ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੁਖਬੀਰ ਸਿੰਘ ਬਾਦਲ ਦਾ ਗੁਰੂ ਦੀ ਬਖਸ਼ਿਸ ਸਿਰੋਪਾਉ ਨਾਲ ਸਨਮਾਨ ਕੀਤਾ। ਡੱਬੀ : ਵੱਡੇ ਬਾਦਲ ਨੇ ਛੋਟੇ ਬਾਦਲ ਤੇ ਕੱਸਿਆ ਵਿਅੰਗ ਕਿਹਾ, ਸੁਖਬੀਰ ਦੀ ਮੋਰਚੀ ਸੀ ਸਾਡੇ ਮੋਰਚੇ ਹੁੰਦੇ ਸਨ  ਅੰਮ੍ਰਿਤਸਰ, 14 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੇ ਅਪਣੇ ਸੁਭਾਅ ਮੁਤਾਬਕ ਵਿਅੰਗ ਕੱਸਦਿਆਂ ਕਿਹਾ ਕਿ ਅਸੀਂ ਮੋਰਚੇ ਲਾਉਂਦੇ ਸੀ ਤੇ ਸੁਖਬੀਰ ਨੇ ਮੋਰਚੀ ਲਾਈ ਹੈ। ਵੱਡੇ ਬਾਦਲ ਨੇ ਇਹ ਵੀ ਕਿਹਾ ਕਿ ਸੁਖਬੀਰ ਮੇਰੀ ਉਮਰ 89 ਸਾਲ ਦਸ ਕੇ ਮੈਨੂੰ ਜਵਾਨ ਕਰ ਰਿਹਾ ਹੈ। ਇਹ ਸੁਣ ਕੇ ਸੱਭ ਨੇ ਹਾਸੇ ਦਾ ਖੂਬ ਆਨੰਦ ਮਾਣਿਆ। ਦਸਣਯੋਗ ਹੈ ਕਿ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਦੀਆਂ ਵਧੀਕੀਆਂ ਵਿਰੁਧ ਹਰੀਕੇ ਪੱਤਣ ਪੁਲ 'ਤੇ ਧਰਨਾ ਲਾਇਆ ਸੀ ਜੋ 24 ਘੰਟੇ ਰਹਿਣ ਬਾਅਦ ਪ੍ਰਸ਼ਾਸਨ ਵਲੋਂ ਮੰਗਾਂ ਮੰਨਣ ਤੇ ਅੰਦੋਲਨ ਦੀ ਸਮਾਪਤੀ ਹੋਈ ਸੀ।