ਚੰਡੀਗੜ੍ਹ,
2 ਸਤੰਬਰ (ਜੀ.ਸੀ. ਭਾਰਦਵਾਜ): ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਲੀਡਰਾਂ ਦੀ 11
ਮੈਂਬਰੀ ਟੀਮ ਨਵੇਂ ਸਿਰੇ ਤੋਂ ਬਣਾਈ ਹੈ ਜੋ ਪਾਰਟੀ ਦੇ ਸਿਧਾਂਤਾਂ, ਕਾਰਜਵਿਧੀਆਂ ਅਤੇ
ਫ਼ੈਸਲਿਆਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਪੰਜਾਬ ਵਿਚ ਕਾਂਗਰਸ ਸਰਕਾਰ ਦੀਆਂ ਗ਼ਲਤੀਆਂ ਤੇ
ਨਾਕਾਮੀਆਂ ਦੀ ਸਬੂਤਾਂ ਦੇ ਆਧਾਰ 'ਤੇ ਆਲੋਚਨਾ ਕਰੇਗੀ। ਪਾਰਟੀ ਪ੍ਰਧਾਨ ਅਤੇ ਸਾਬਕਾ ਉਪ
ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਐਲਾਨੇ ਨਾਵਾਂ ਵਿਚ ਦੋ ਸੰਸਦ ਮੈਂਬਰ, ਦੋ
ਵਿਧਾਇਕ ਅਤੇ ਕਈ ਤਜਰਬੇਕਾਰ ਨੇਤਾ ਹਨ ਜਿਨ੍ਹਾਂ ਦੀ ਪਕੜ ਪੰਜਾਬ ਦੀ ਸਿਆਸਤ 'ਤੇ ਮਜ਼ਬੂਤ
ਹੈ।
ਆਨੰਦਪੁਰ ਸਾਹਿਬ ਤੋਂ ਲੋਕ ਸਭਾ ਐਮਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ
ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੂੰ ਵਿਸ਼ੇਸ਼ ਤੌਰ 'ਤੇ ਬੁਲਾਰਿਆਂ ਦੀ ਟੀਮ ਵਿਚ ਰਖਿਆ ਗਿਆ
ਹੈ। ਸਾਬਕਾ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਮੁੱਖ ਬੁਲਾਰੇ ਦੇ ਨਾਲ-ਨਾਲ ਸੈਕਟਰ
28 ਦੇ ਮੁੱਖ ਦਫ਼ਤਰ ਵਿਚ ਵੀ ਰੋਜ਼ਾਨਾ ਬੈਠਕ ਦੇ ਪਾਰਟੀ ਵਰਕਰਾਂ ਤੇ ਦਲ ਦੇ ਨਾਲ ਜੁੜੇ
ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣਨਗੇ।
ਜ਼ਿਕਰਯੋਗ ਹੈ ਕਿ ਵੱਡੇ ਬਾਦਲ ਸ. ਪਰਕਾਸ਼
ਸਿੰਘ ਹਰ ਮਹੀਨੇ ਦੀ ਇਕ ਤੇ ਦੂਜੀ ਤਰੀਕ ਅਤੇ 15 ਤੇ 16 ਤਰੀਕ ਨੂੰ ਖ਼ੁਦ ਸੈਕਟਰ-28 ਦੇ
ਮੁੱਖ ਦਫ਼ਤਰ ਵਿਚ ਪੀੜਤਾਂ ਦੀ ਸੁਧ ਲੈਂਦੇ ਹਨ। ਸੀਨੀਅਰ ਬੁਲਾਰਿਆਂ ਦੀ 11 ਮੈਂਬਰੀ ਟੀਮ
ਵਿਚ ਬਾਕੀ ਅੱਠ ਮੈਂਬਰਾਂ ਵਿਚ ਵਿਧਾਇਕ ਪਵਨ ਕੁਮਾਰ ਟੀਨੂੰ, ਐਨ.ਕੇ. ਸ਼ਰਮਾ ਤੋਂ ਇਲਾਵਾ
ਸੀਨੀਅਰ ਅਕਾਲੀ ਨੇਤਾ ਮਹੇਸ਼ਇੰਦਰ ਗਰੇਵਾਲ, ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਜੀਕੇ,
ਮਨਜਿੰਦਰ ਸਿੰਘ ਸਿਰਸਾ, ਚਰਨਜੀਤ ਸਿੰਘ ਬਰਾੜ ਤੇ ਸ. ਪਰਮਬੰਸ ਸਿੰਘ ਬੰਟੀ ਰੋਮਾਣਾ ਦੇ
ਨਾਂਅ ਸ਼ਾਮਲ ਹਨ। ਇਹ ਸਾਰੇ ਬੁਲਾਰੇ ਨੌਜਵਾਨ ਚੰਗੇ ਪੜ੍ਹੇ-ਲਿਖੇ, ਤਜਰਬੇਕਾਰ ਅਤੇ ਸਿਆਸਤ
ਵਿਚ ਹੰਢੇ ਹੋਏ ਹਨ। ਇਨ੍ਹਾਂ ਵਿਚ ਲਗਭਗ ਸਾਰੇ ਹੀ ਕਾਂਗਰਸ ਸਰਕਾਰ ਵਿਰੁਧ ਟਿਪਣੀ ਕਰਨ
ਵਿਚ ਮਾਹਰ ਹਨ ਅਤੇ ਰੋਜ਼ਾਨਾ ਟੀਵੀ ਚੈਨਲਾਂ 'ਤੇ ਵੱਖ-ਵੱਖ ਮੁਦਿਆਂ ਤੇ ਆਲੋਚਨਾਤਮਕ ਵਿਚਾਰ
ਦਿੰਦੇ ਹੋਏ ਬਹਿਸ ਵਿਚ ਹਿੱਸਾ ਲੈਂਦੇ ਹਨ।