ਐਸ.ਏ.ਐਸ. ਨਗਰ, 22 ਨਵੰਬਰ (ਗੁਰਮੁਖ ਵਾਲੀਆ) : 27 ਫ਼ਰਵਰੀ 2013 ਨੂੰ ਫ਼ੇਜ਼-3ਏ ਵਿਚ ਪਾਰਕਿੰਗ ਨੂੰ ਲੈ ਕੇ ਹੋਏ ਇਕ ਝਗੜੇ ਤੋਂ ਬਾਅਦ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਐਡਵੋਕੇਟ ਅਮਰਪ੍ਰੀਤ ਸਿੰਘ, ਜ਼ਖ਼ਮੀ ਕੀਤੇ ਗਏ ਉਸ ਦੇ ਚਚੇਰੇ ਭਰਾ ਗਗਨਜੋਤ ਸਿੰਘ ਅਤੇ ਉਸ ਦੇ ਦੋਸਤ ਸਿਮਰਜੀਤ ਸਿੰਘ ਦੇ ਮਾਮਲੇ ਵਿਚ ਅੱਜ ਸੈਸ਼ਨ ਅਦਾਲਤ ਵਲੋਂ ਨਾਮਜ਼ਦ 9 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਪੌਣੇ ਪੰਜ ਸਾਲ ਬਾਅਦ ਇਹ ਫ਼ੈਸਲਾ ਆਇਆ ਹੈ। ਅੱਜ ਜਦ ਅਦਾਲਤ ਵਲੋਂ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤਾਂ ਇਨਸਾਫ ਦੀ ਲੜਾਈ ਲੜ ਰਹੇ ਐਡਵੋਕੇਟ ਅਮਰਪ੍ਰੀਤ ਸਿੰਘ ਦੇ ਚਾਚੇ ਅਤੇ ਗਗਨਦੀਪ ਸਿੰਘ ਦੇ ਪਿਤਾ ਮਨਜੀਤ ਸਿੰਘ ਸੇਠੀ (ਡਿਪਟੀ ਮੇਅਰ, ਨਗਰ ਨਿਗਮ ਐਸ ਏ ਐਸ ਨਗਰ) ਦੀਆਂ ਅੱਖਾਂ ਭਰ ਆਈਆਂ। ਅਦਾਲਤ ਦੇ ਫ਼ੈਸਲੇ 'ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹਨਾਂ ਦੋਸ਼ੀਆਂ ਵਲੋਂ ਕਤਲ ਕੀਤੇ ਗਏ ਉਹਨਾਂ ਦੇ ਜਵਾਨ ਭਤੀਜੇ ਦੀ ਵਾਪਸੀ ਤਾਂ ਨਹੀਂ ਹੋ ਸਕਦੀ ਪਰ ਅੱਜ ਅਦਾਲਤ ਵਲੋਂ ਦਿਤੇ ਗਏ ਇਸ ਫ਼ੈਸਲੇ ਨਾਲ ਉਸ ਦੀ ਆਤਮਾ ਨੂੰ ਸ਼ਾਂਤੀ ਜ਼ਰੂਰ ਹਾਸਲ ਹੋ ਗਈ ਹੋਣੀ ਹੈ।
ਅੱਜ ਸਵੇਰੇ ਅਦਾਲਤ ਵਿਚ ਸ਼ੁਰੂ ਹੋਈ ਕਾਰਵਾਈ ਦੌਰਾਨ ਜਿਲ੍ਹਾ ਅਤੇ ਸੈਸ਼ਨ ਜੱਜ ਅਰਚਨਾ ਪੁਰੀ ਵਲੋਂ ਮਾਮਲੇ ਵਿਚ ਨਾਮਜ਼ਦ ਸਾਰੇ 9 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿਤਾ ਗਿਆ ਜਿਸ ਉਪਰੰਤ ਇਸ ਮਾਮਲੇ ਵਿਚ ਜ਼ਮਾਨਤ 'ਤੇ ਚਲ ਰਹੇ ਲੁਧਿਆਣਾ ਦੇ ਐਸ.ਜੀ.ਪੀ.ਸੀ. ਮੈਂਬਰ ਰਣਜੀਤ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਖੱਟੂ, ਉਂਕਾਰ ਸਿੰਘ ਅਤੇ ਸਨਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਬਾਕੀ ਦੋਸ਼ੀਆਂ ਧਰਮਿੰਦਰ ਸਿੰਘ ਮੁਲਤਾਨੀ, ਵਿਸ਼ਾਲ ਸ਼ੇਰਾਵਤ, ਸੁਨੀਲ ਭਨੋਟ, ਰਜਤ ਸ਼ਰਮਾ, ਦੀਪਕ ਕੌਸ਼ਲ ਅਤੇ ਕੇਵਿਨ ਸੁਸ਼ਾਂਤ ਦੇ ਨਾਲ ਅਦਾਲਤ ਵਿਚ ਬਣੀ ਬੈਰਕ ਵਿਚ ਬੰਦ ਕਰ ਦਿਤਾ ਗਿਆ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਦੋਸ਼ੀ ਐਲਾਨੇ ਗਏ ਧਰਮਿੰਦਰ ਸਿੰਘ ਮੁਲਤਾਨੀ ਦਾ ਨਾਂ ਕੰਟਰੈਕਟ ਕਿਲਿੰਗ ਮਾਮਲੇ ਵਿਚ ਵੀ ਆ ਚੁੱਕਾ ਹੈ।